ਭਿੱਖੀਵਿੰਡ : ਸੀ ਪੀ ਆਈ ਵੱਲੋਂ ਦੇਸ਼ ਦੇ ਆਜ਼ਾਦੀ ਦਿਵਸ 15 ਅਗਸਤ ਤੋਂ ਲੈ ਕੇ 15 ਸਤੰਬਰ ਤੱਕ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਪਾਰਟੀ ਮੈਂਬਰਾਂ ਤੇ ਹਮਦਰਦਾਂ ਦੀਆਂ ਮੀਟਿੰਗਾਂ ਪੰਜਾਬ ਭਰ ਵਿੱਚ ਕੀਤੀਆਂ ਜਾ ਰਹੀਆਂ ਹਨ। ਸੀ ਪੀ ਆਈ ਭਿੱਖੀਵਿੰਡ ਬਲਾਕ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੱਦੇਨਜ਼ਰ ਪਾਰਟੀ ਵੱਲੋਂ 25 ਅਗਸਤ ਨੂੰ ਇਤਿਹਾਸਕ ਪਿੰਡ ਮਾੜੀ ਕੰਬੋਕੇ, ਮੱਦਰ, ਅਲਗੋਂ ਖੁਰਦ ਤੇ ਅਲਗੋਂ ਕੋਠੀ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਨੂੰ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦਾ ਮਹਿੰਗਾਈ ਨੇ ਕਚੂੰਬਰ ਕੱਢ ਦਿੱਤਾ ਹੈ ਤੇ ਗਰੀਬ ਲੋਕ ਤਾਂ ਤਿੰਨ ਵਕਤ ਰੋਟੀ ਖਾਣ ਤੋਂ ਆਤੁਰ ਹਨ। ਖਾਣ ਵਾਲੀਆਂ ਵਸਤਾਂ ਬਹੁਤ ਮਹਿੰਗੀਆਂ ਹਨ, ਦੂਜੇ ਪਾਸੇ ਲੋਕਾਂ ਕੋਲ ਕੋਈ ਕੰਮ-ਧੰਦਾ ਨਹੀਂ। ਬੇਰੁਜ਼ਗਾਰੀ ਸਭ ਹੱਦਾਂ-ਬੰਨੇ ਪਾਰ ਕਰ ਗਈ ਹੈ। ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਹਰੇਕ ਮਨੁੱਖ ਨੂੰ ਰੁਜ਼ਗਾਰ ਦਿੱਤਾ ਜਾਵੇ। ਮਾੜੀਮੇਘਾ ਨੇ ਕਿਹਾ ਰੋਟੀ, ਰੋਜ਼ੀ ਤੋਂ ਇਲਾਵਾ ਪੰਜਾਬ ਦੇ ਮਸਲੇ ਵੀ ਉਸੇ ਤਰ੍ਹਾਂ ਲਟਕ ਰਹੇ ਹਨ। ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ। ਪੰਜਾਬ ਦਾ ਪਾਣੀ ਖੋਹ ਕੇ ਗੁਆਂਢੀ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ। ਕੇਂਦਰੀ ਸ਼ਾਸਤ ਚੰਡੀਗੜ੍ਹ ’ਚੋਂ ਪੰਜਾਬ ਦੇ ਮੁਲਾਜ਼ਮਾਂ ਦੇ ਹੱਕ ਅਤੇ ਭਾਖੜਾ ਪ੍ਰੋਜੈਕਟ ’ਚੋਂ ਵੀ ਕੇਂਦਰੀ ਹਕੂਮਤ ਬਾਹਰ ਕਰਨ ਵਾਲੇ ਪਾਸੇ ਵਧਦੀ ਜਾ ਰਹੀ ਹੈ। ਕੇਂਦਰੀ ਹਕੂਮਤ ਪਹਿਲੀ ਜੁਲਾਈ ਤੋਂ ਤਿੰਨ ਅਪਰਾਧਿਕ ਕਾਨੂੰਨ ਲਾਗੂ ਕਰਕੇ ਸਰਕਾਰ ਦੀਆਂ ਨਾਕਾਮੀਆਂ ਵਿਰੁੱਧ ਜਿਹੜਾ ਆਵਾਜ਼ ਉਠਾਉਦਾ ਹੈ, ਉਸ ਨੂੰ ਜੇਲ੍ਹ ਡੱਕ ਦਿੱਤਾ ਜਾਂਦਾ ਹੈ। ਮੀਟਿੰਗਾਂ ਵਿੱਚ ਮਤੇ ਪਾਸ ਕੀਤੇ ਗਏ ਕਿ ਅਲਗੋਂ ਤੋਂ ਮੱਦਰ ਵਾਲੀ ਸੜਕ ਮਿੱਟੀ ਵਾਲੇ ਟਰੈਕਟਰਾਂ ਨੇ ਬਹੁਤ ਤੋੜ ਦਿੱਤੀ ਹੈ, ਜਿਸ ਤੋਂ ਮੋਟਰਸਾਈਕਲ ਤੇ ਕਾਰ ’ਤੇ ਲੰਘਣਾ ਬਹੁਤ ਮੁਸ਼ਕਲ ਹੈ, ਇਸ ਲਈ ਉਹ ਸੜਕ ਫੌਰੀ ਤੌਰ ’ਤੇ ਬਣਾਈ ਜਾਵੇ।ਸੀ ਪੀ ਆਈ ਇਨ੍ਹਾਂ ਅਪਰਾਧੀ ਕਾਨੂੰਨਾਂ ਨੂੰ ਵਾਪਸ ਕਰਾਉਣ ਤੇ ਬਾਕੀ ਮਸਲਿਆਂ ਦੇ ਫੌਰੀ ਹੱਲ ਲਈ ਪੰਜਾਬ ਵਿੱਚ ਸਥਾਨਕ ਪੱਧਰ ’ਤੇ ਲੋਕਾਂ ਨੂੰ ਸੁਚੇਤ ਕਰਨ ਲਈ ਮੀਟਿੰਗਾਂ ਕਰ ਰਹੀ ਹੈ। ਮੀਟਿੰਗਾਂ ਨੂੰ ਬਚਨ ਕੌਰ ਮਾੜੀ ਕੰਬੋਕੇ, ਗੁਲਜ਼ਾਰ ਸਿੰਘ ਮੱਦਰ, ਬਲਜਿੰਦਰ ਕੌਰ ਅਲਗੋਂ ਤੇ ਮਨਜੀਤ ਕੌਰ ਅਲਗੋਂ ਨੇ ਵੀ ਸੰਬੋਧਨ ਕੀਤਾ।





