ਇਸਲਾਮਾਬਾਦ : ਪਾਕਿਸਤਾਨ ਦੇ ਜੇਲਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਦੁਹਰਾਇਆ ਕਿ ਉਨ੍ਹਾ ਦੀ ਹਾਲਤ ਲਈ ਫੌਜ ਅਤੇ ਆਈ ਐੱਸ ਆਈ ਜ਼ਿੰਮੇਵਾਰ ਹਨ। ਉਨ੍ਹਾ ਆਪਣੀ ਜਾਨ ਨੂੰ ਖਤਰਾ ਵੀ ਜਤਾਇਆ ਹੈ। ਉਨ੍ਹਾ ਐਕਸ ’ਤੇ ਪੋਸਟ ’ਚ ਕਿਹਾਮੇਰੀ ਕੈਦ ਨਾਲ ਜੁੜੇ ਸਾਰੇ ਪ੍ਰਸ਼ਾਸਨਕ ਮਾਮਲਿਆਂ ਨੂੰ ਆਈ ਐੱਸ ਆਈ ਕੰਟਰੋਲ ਕਰਦੀ ਹੈ। ਮੈਂ ਫਿਰ ਕਹਿ ਰਿਹਾ ਹਾਂ ਕਿ ਜੇਕਰ ਮੈਨੂੰ ਕੁਝ ਹੋਇਆ ਤਾਂ ਆਰਮੀ ਚੀਫ ਅਤੇ ਡੀ ਜੀ ਆਈ ਐੱਸ ਆਈ ਜ਼ਿੰਮੇਵਾਰ ਹੋਣਗੇ। ਦੋ ਦਿਨ ਪਹਿਲਾਂ ਪਾਕਿਸਤਾਨ ਸਰਕਾਰ ਨੇ ਕਿਹਾ ਸੀ ਕਿ ਪਿਛਲੇ ਸਾਲ 9 ਮਈ ਨੂੰ ਹੋਈ ਹਿੰਸਾ ਦੇ ਮਾਮਲੇ ’ਚ ਇਮਰਾਨ ਖਾਨ ਦੇ ਖਿਲਾਫ ਮਾਮਲਾ ਫੌਜੀ ਅਦਾਲਤ ’ਚ ਜਾ ਸਕਦਾ ਹੈ। ਇਮਰਾਨ ਖਾਨ ਨੇ ਸਰਕਾਰ ਦੇ ਬਿਆਨ ਤੋਂ ਬਾਅਦ ਇਹ ਟਿੱਪਣੀ ਕੀਤੀ ਹੈ। ਇਮਰਾਨ ਖਾਨ ਨੇ ਬੰਗਲਾਦੇਸ਼ ਦੀ ਸਥਿਤੀ ਦਾ ਵੀ ਜ਼ਿਕਰ ਕੀਤਾ। ਉਨ੍ਹਾ ਕਿਹਾ ਕਿ ਪਸ਼ੂਆਂ ਨੂੰ ਮਨਚਾਹੀ ਦਿਸ਼ਾ ’ਚ ਲਿਜਾਇਆ ਜਾ ਸਕਦਾ ਹੈ। ਇਨਸਾਨਾਂ ਨੂੰ ਨਹੀਂ। ਸੈਨਾ ਮੁਖੀ, ਚੀਫ ਜਸਟਿਸ ਅਤੇ ਪੁਲਸ ਮੁਖੀ ਸਾਰੇ ਸ਼ੇਖ ਹਸੀਨਾ ਦੇ ਵਫਾਦਾਰ ਸਨ, ਪਰ ਜਦੋਂ ਲੋਕ ਸੜਕਾਂ ’ਤੇ ਉਤਰੇ ਤਾਂ ਆਪਣਾ ਹੱਕ ਜਿੱਤ ਲਿਆ।





