ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਮੰਗਲਵਾਰ ਫੋਨ ’ਤੇ ਗੱਲਬਾਤ ਹੋਈ। ਰੂਸੀ ਰਾਸ਼ਟਰਪਤੀ ਦਫਤਰ ਨੇ ਇਸ ਗੱਲਬਾਤ ਦੇ ਕੋਈ ਵੇਰਵੇ ਜਾਰੀ ਨਹੀਂ ਕੀਤੇ। ਮੋਦੀ ਨੇ ਪਿਛਲੇ ਹਫਤੇ ਯੂਕਰੇਨ ਦਾ ਦੌਰਾ ਕਰਕੇ ਉੱਥੇ ਦੀ ਸਥਿਤੀ ’ਤੇ ਰਾਸ਼ਟਰਪਤੀ ਵੋਲੋਦੋਮੀਰ ਜ਼ੇਲੈਂਸਕੀ ਨਾਲ ਚਰਚਾ ਕੀਤੀ ਸੀ। ਮੋਦੀ ਨੇ ਪੁਤਿਨ ਨਾਲ ਹੋਈ ਗੱਲਬਾਤ ਦੀ ‘ਐਕਸ’ ਉੱਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਤਿਨ ਨਾਲ ਭਾਰਤ-ਰੂਸ ਦੀ ਖਾਸ ਤੇ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਗੱਲਬਾਤ ਹੋਈ। ਰੂਸ-ਯੂਕਰੇਨ ਜੰਗ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ। ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਹੋਈ ਗੱਲਬਾਤ ਵੀ ਪੁਤਿਨ ਨਾਲ ਸਾਂਝੀ ਕੀਤੀ ਅਤੇ ਜੰਗ ਦੇ ਪੁਰਅਮਨ ਹੱਲ ਲਈ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ। ਜ਼ੇਲੈਂਸਕੀ ਨੇ ਕਿਹਾ ਸੀ ਕਿ ਜੰਗ ਖਤਮ ਕਰਨ ਲਈ ਨਵੀਂ ਦਿੱਲੀ ਵਿਚ ਦੂਜਾ ਅਮਨ ਸੰਮੇਲਨ ਹੋਣਾ ਚਾਹੀਦਾ ਹੈ। ਪਹਿਲਾ ਸੰਮੇਲਨ ਸਵਿਟਜ਼ਰਲੈਂਡ ਵਿਚ ਹੋਇਆ ਸੀ, ਜਿਸ ਵਿਚ ਰੂਸ ਸ਼ਾਮਲ ਨਹੀਂ ਹੋਇਆ ਸੀ।
ਦੋ ਮਹੀਨਿਆਂ ਵਿਚ ਦੂਜੀ ਵਾਰ ਹੈ ਜਦੋਂ ਮੋਦੀ ਨੇ ਜੰਗ ਰੋਕਣ ਲਈ ਪੁਤਿਨ ਨਾਲ ਗੱਲਬਾਤ ਕੀਤੀ ਹੈ। ਉਹ 8 ਜੁਲਾਈ ਨੂੰ ਰੂਸ ਗਏ ਸਨ। ਉਦੋਂ ਉਨ੍ਹਾ ਕਿਹਾ ਸੀ ਕਿ ਇਹ ਸਮਾਂ ਜੰਗ ਦਾ ਨਹੀਂ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਮੋਦੀ ਨਾਲ ਫੋਨ ’ਤੇ ਗੱਲ ਕੀਤੀ ਸੀ ਅਤੇ ਯੂਕਰੇਨ ਲਈ ਉਨ੍ਹਾ ਦੇ ਅਮਨ ਅਤੇ ਮਨੁੱਖਤਾਵਾਦੀ ਸਮਰਥਨ ਦੇ ਸੰਦੇਸ਼ ਲਈ ਉਨ੍ਹਾ ਦੀ ਪ੍ਰਸੰਸਾ ਕੀਤੀ ਸੀ। ਮੋਦੀ ਦੀ 23 ਅਗਸਤ ਦੀ ਕੀਵ ਫੇਰੀ ਨੂੰ ਕੂਟਨੀਤਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਬਾਇਡਨ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਉਨ੍ਹਾ ਦੇ ਰੂਸ ਦੌਰੇ ਦੀ ਆਲੋਚਨਾ ਕੀਤੀ ਸੀ ਅਤੇ ਕਈ ਪੱਛਮੀ ਦੇਸ਼ਾਂ ਨੇ ਇਸ ’ਤੇ ਨਾਰਾਜ਼ਗੀ ਪ੍ਰਗਟਾਈ ਸੀ। ਐਕਸ ’ਤੇ ਪੋਸਟ ’ਚ ਬਾਇਡਨ ਨੇ ਕਿਹਾ-ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾ ਦੀ ਹਾਲੀਆ ਪੋਲੈਂਡ ਅਤੇ ਯੂਕਰੇਨ ਦੀ ਯਾਤਰਾ ’ਤੇ ਚਰਚਾ ਕਰਨ ਲਈ ਫੋਨ ’ਤੇ ਗੱਲ ਕੀਤੀ ਅਤੇ ਯੂਕਰੇਨ ਲਈ ਅਮਨ ਅਤੇ ਮਨੁੱਖਤਾਵਾਦੀ ਸਮਰਥਨ ਦੇ ਉਨ੍ਹਾ ਦੇ ਸੰਦੇਸ਼ ਦੀ ਸ਼ਲਾਘਾ ਕੀਤੀ। ਅਸੀਂ ਹਿੰਦ-ਪ੍ਰਸ਼ਾਂਤ ’ਚ ਅਮਨ ਅਤੇ ਖੁਸ਼ਹਾਲੀ ’ਚ ਯੋਗਦਾਨ ਪਾਉਣ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੀ ਵੀ ਪੁਸ਼ਟੀ ਕੀਤੀ ਹੈ।