ਮੁੰਬਈ : ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਬੁੱਤ ਡਿੱਗਣ ਦੇ ਮਾਮਲੇ ’ਚ ਪੁਲਸ ਨੇ ਠੇਕੇਦਾਰ ਅਤੇ ਇਕ ਹੋਰ ਖਿਲਾਫ ਕੇਸ ਦਰਜ ਕੀਤਾ ਹੈ। ਸਿੰਧੂਦੁਰਗ ਦੀ ਮਾਲਵਨ ਤਹਿਸੀਲ ਦੇ ਰਾਜਕੋਟ ਕਿਲ੍ਹੇ ’ਚ 17ਵੀਂ ਸਦੀ ਦੇ ਮਰਾਠਾ ਯੋਧੇ ਦਾ 35 ਫੁੱਟ ਉੱਚਾ ਬੁੱਤ ਸੋਮਵਾਰ ਬਾਅਦ ਦੁਪਹਿਰ 1 ਵਜੇ ਦੇ ਕਰੀਬ ਡਿੱਗ ਗਿਆ ਸੀ। ਇਸ ਦਾ ਪਿਛਲੇ ਸਾਲ 4 ਦਸੰਬਰ ਨੂੰ ਜਲ ਸੈਨਾ ਦਿਵਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ ਸੀ। ਇਸ ਘਟਨਾ ਕਾਰਨ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਸ਼ਿੰਦੇ ਨੇ ਕਿਹਾ ਕਿ ਬੁੱਤ ਭਾਰਤੀ ਜਲ ਸੈਨਾ ਨੇ ਡਿਜ਼ਾਈਨ ਕੀਤਾ ਅਤੇ ਬਣਾਇਆ ਸੀ।
ਉਨ੍ਹਾ ਕਿਹਾ ਕਿ 45 ਕਿੱਲੋਮੀਟਰ ਦੀ ਰਫਤਾਰ ਨਾਲ ਹਵਾ ਚੱਲਣ ਕਰਕੇ ਬੁੱਤ ਡਿੱਗ ਗਿਆ। ਉਪ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਵੀ ਕਿਹਾ ਹੈ ਕਿ ਬੁੱਤ ਸੂਬਾ ਸਰਕਾਰ ਨੇ ਨਹੀਂ, ਸਗੋਂ ਜਲ ਸੈਨਾ ਨੇ ਬਣਾਇਆ ਸੀ। ਬੁੱਤ ਬਣਾਉਣ ਵਾਲਿਆਂ ਨੇ ਸਥਾਨਕ ਮੌਸਮ ਤੇ ਲੋਹੇ ਦੀ ਕੁਆਲਿਟੀ ਦਾ ਖਿਆਲ ਨਹੀਂ ਰੱਖਿਆ। ਹੋ ਸਕਦਾ ਹੈ ਕਿ ਸਿੱਲ੍ਹੀਆਂ ਸਮੁੰਦਰੀ ਹਵਾਵਾਂ ਕਾਰਨ ਬੁੱਤ ਕਮਜ਼ੋਰ ਹੋ ਗਿਆ ਹੋਵੇ। ਸਰਕਾਰ ਹੁਣ ਵੱਡਾ ਬੁੱਤ ਲਾਵੇਗੀ।
ਲੋਕ ਨਿਰਮਾਣ ਮੰਤਰੀ ਰਵਿੰਦਰ ਚਵਾਨ ਨੇ ਕਿਹਾ ਕਿ ਉਨ੍ਹਾ ਦੇ ਅਧਿਕਾਰੀਆਂ ਨੇ ਜੰਗਾਲ ਦੇਖ ਕੇ ਜਲ ਸੈਨਾ ਨੂੰ ਸੂਚਿਤ ਕੀਤਾ ਸੀ। ਉੱਧਰ ਸ਼ਿਵ ਸੈਨਾ ਆਗੂ ਆਦਿੱਤਿਆ ਠਾਕਰੇ ਨੇ ਕਿਹਾ ਕਿ ਸੋਚ ਨਹੀਂ ਸਕਦੇ ਕਿ ਛਤਰਪਤੀ ਸ਼ਿਵਾ ਜੀ ਦਾ ਬੁੱਤ ਲਾਉਣ ਵਿਚ ਵੀ ਕੁਰੱਪਸ਼ਨ ਹੋ ਸਕਦੀ ਹੈ। ਪਸੰਦੀਦਾ ਠੇਕੇਦਾਰ ਤੋਂ ਬੁੱਤ ਲੁਆਇਆ ਗਿਆ। ਚੋਣਾਂ ਤੋਂ ਪਹਿਲਾਂ ਉਦਘਾਟਨ ਕੀਤਾ ਗਿਆ ਤੇ ਸ਼ਰਮ ਦੀ ਗੱਲ ਹੈ ਕਿ ਹੁਣ ਦੋਸ਼ ਜਲ ਸੈਨਾ ਦੇ ਸਿਰ ਮੜ੍ਹਿਆ ਜਾ ਰਿਹਾ ਹੈ।