ਅੰਮਿ੍ਰਤਸਰ : ਏਅਰ ਟ੍ਰੈਫਿਕ ਕੰਟਰੋਲ (ਏ ਟੀ ਸੀ) ਟਾਵਰ ਨੂੰ ਅਚਾਨਕ ਹਵਾਈ ਖੇਤਰ ’ਚ ‘ਡਰੋਨ’ ਵਰਗੀਆਂ 3 ਵਸਤੂਆਂ ਦਾ ਪਤਾ ਲੱਗਣ ਤੋਂ ਬਾਅਦ ਇੱਥੋਂ ਦੇ ਹਵਾਈ ਅੱਡੇ ’ਤੇ ਹਵਾਈ ਸੇਵਾ ਲਗਭਗ ਤਿੰਨ ਘੰਟੇ ਲਈ ਠੱਪ ਰਹੀ। ਇਸ ਘਟਨਾ ਨੇ ਉਸ ਸਮੇਂ ਹਵਾਈ ਅੱਡੇ ’ਤੇ ਉਤਰਨ ਅਤੇ ਉਡਾਣ ਭਰਨ ਵਾਲੀਆਂ ਸਾਰੀਆਂ ਨਿਰਧਾਰਤ ਉਡਾਣਾਂ ਵਿਚ ਵਿਘਨ ਪਾ ਦਿੱਤਾ।
ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਦੇ ਕਾਰਜਕਾਰੀ ਨਿਰਦੇਸ਼ਕ ਸੰਦੀਪ ਅਗਰਵਾਲ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ 10.10 ਵਜੇ ਵਾਪਰੀ ਅਤੇ ਕਰੀਬ ਤਿੰਨ ਘੰਟੇ ਤੱਕ ਡਰੋਨ ਵਰਗੀਆਂ ਵਸਤੂਆਂ ਦੀਆਂ ਗਤੀਵਿਧੀਆਂ ਚਲਦੀਆਂ ਰਹੀਆਂ। ਰਾਤ 10.10 ਵਜੇ ਤੋਂ 12.45 ਵਜੇ ਤੱਕ ਹਵਾਈ ਅੱਡੇ ’ਤੇ ਉਡਾਣ ਸੰਚਾਲਨ ਮੁਅੱਤਲ ਰਿਹਾ, ਜਿਸ ਤੋਂ ਬਾਅਦ ਏ ਟੀ ਸੀ ਟਾਵਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ।