ਟੋਰਾਂਟੋ : ਕੈਨੇਡੀਅਨ ਪੁਲਸ ਨੇ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਸਾਥੀ ਰਹੇ ਇੰਦਰਜੀਤ ਸਿੰਘ ਗੋਸਲ ਨੂੰ ਉਸ ਦੀ ਜਾਨ ਨੂੰ ਖਤਰੇ ਦੀ ਚਿਤਾਵਨੀ ਦਿੱਤੀ ਹੈ। ਗੋਸਲ ਨੂੰ ਇਸ ਹਫਤੇ ‘ਡਿਊਟੀ ਟੂ ਵਾਰਨ’ ਨੋਟਿਸ ਜਾਰੀ ਕੀਤਾ ਗਿਆ। ਨਿੱਝਰ ਨੂੰ ਜੂਨ 2023 ’ਚ ਗੋਲੀ ਮਾਰ ਦਿੱਤੀ ਗਈ ਸੀ।
ਟੈਨਿਸ ਮੈਚ 5 ਘੰਟੇ 35 ਮਿੰਟ ਤੱਕ ਚੱਲਿਆ
ਨਿਊ ਯਾਰਕ : ਯੂ ਐੱਸ ਓਪਨ ਪੁਰਸ਼ ਸਿੰਗਲਜ਼ ’ਚ ਡੈਨ ਇਵਾਂਸ ਅਤੇ ਕੈਰੇਨ ਖਾਚਾਨੋਵ ਵਿਚਾਲੇ ਪਹਿਲੇ ਦੌਰ ਦਾ ਮੁਕਾਬਲਾ ਪੰਜ ਘੰਟੇ 35 ਮਿੰਟ ਤੱਕ ਚੱਲਿਆ, ਜੋ ਟੂਰਨਾਮੈਂਟ ਦਾ ਰਿਕਾਰਡ ਹੈ। 1970 ’ਚ ਟਾਈਬ੍ਰੇਕਰਾਂ ਦੀ ਸ਼ੁਰੂਆਤ ਤੋਂ ਬਾਅਦ ਇਹ ਟੂਰਨਾਮੈਂਟ ਦਾ ਸਭ ਤੋਂ ਲੰਮਾ ਮੈਚ ਹੈ। ਇਵਾਂਸ ਨੇ ਖਾਚਾਨੋਵ ਨੂੰ 6-7, 7-6, 7-6, 4-6 ਤੇ 6-4 ਨਾਲ ਹਰਾਇਆ। ਇਵਾਂਸ ਪੰਜਵੇਂ ਸੈੱਟ ’ਚ 4-0 ਨਾਲ ਪਿੱਛੇ ਸੀ। ਆਖਰੀ ਪੁਆਇੰਟ ’ਤੇ 22 ਸ਼ਾਟ ਦੀ ਰੈਲੀ ਚੱਲੀ ਅਤੇ ਇਵਾਂਸ ਨੇ ਇਸ ਨੂੰ ਜਿੱਤ ਕੇ ਮੈਚ ਜਿੱਤ ਲਿਆ। ਪਿਛਲਾ ਰਿਕਾਰਡ ਪੰਜ ਘੰਟੇ 26 ਮਿੰਟ ਦਾ ਸੀ, ਜਦੋਂ ਸਟੀਫਨ ਐਡਬਰਗ ਨੇ 1992 ਦੇ ਯੂ ਐੱਸ ਓਪਨ ਸੈਮੀਫਾਈਨਲ ’ਚ ਮਾਈਕਲ ਚਾਂਗ ਨੂੰ ਹਰਾਇਆ ਸੀ।
ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਹਾਕੀ ਟੀਮ ਦਾ ਐਲਾਨ
ਨਵੀਂ ਦਿੱਲੀ : ਹਾਕੀ ਇੰਡੀਆ ਨੇ 8 ਤੋਂ 17 ਸਤੰਬਰ ਤੱਕ ਚੀਨ ’ਚ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ 18 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਮੌਜੂਦਾ ਚੈਂਪੀਅਨਜ਼ ਟੀਮ ਦੀ ਅਗਵਾਈ ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਕਰਨਗੇ। ਸਾਗਰ ਪ੍ਰਸਾਦ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਇਸ ਟੂਰਨਾਮੈਂਟ ਲਈ ਹਾਰਦਿਕ ਸਿੰਘ, ਮਨਦੀਪ ਸਿੰਘ, ਲਲਿਤ ਉਪਾਧਿਆਏ, ਸ਼ਮਸ਼ੇਰ ਸਿੰਘ ਅਤੇ ਗੁਰਜੰਟ ਸਿੰਘ ਨੂੰ ਆਰਾਮ ਦਿੱਤਾ ਗਿਆ ਹੈ।
ਹਿੰਦੂ ਖਾਣਾ ਤੇ ਮੁਸਲਿਮ ਖਾਣਾ!
ਨਵੀਂ ਦਿੱਲੀ : ਇਕ ਮਹਿਲਾ ਨੇ ਏਅਰਲਾਈਨ ਵਿਸਤਾਰਾ ਦੀ ਫਿਰਕਾਪ੍ਰਸਤੀ ਫੈਲਾਉਣ ਲਈ ਖਿਚਾਈ ਕੀਤੀ ਹੈ। ਪੱਤਰਕਾਰ ਆਰਤੀ ਟਿੱਕੂ ਸਿੰਘ ਨੇ ਐੱਕਸ ’ਤੇ ਪਾਈ ਪੋਸਟ ਵਿਚ ਵਿਸਤਾਰਾ ਨੂੰ ਪੁੱਛਿਆ ਹੈ ਕਿ ਉਹ ਆਪਣੀਆਂ ਉਡਾਣਾਂ ਦੌਰਾਨ ਸ਼ਾਕਾਹਾਰੀ ਭੋਜਨ ਨੂੰ ‘ਹਿੰਦੂ ਖਾਣਾ’ ਤੇ ਮਾਸਾਹਾਰੀ ਨੂੰ ‘ਮੁਸਲਿਮ ਖਾਣਾ’ ਕਿਉ ਕਹਿੰਦੀ ਹੈ? ਉਸ ਨੇ ਏਅਰਲਾਈਨ ਨੂੰ ਇਹ ਵੀ ਪੁੱਛਿਆ ਹੈ ਕਿ ਉਸ ਨੂੰ ਕਿਸ ਨੇ ਦੱਸਿਆ ਹੈ ਕਿ ਸਾਰੇ ਹਿੰਦੂ ਸ਼ਾਕਾਹਾਰੀ ਤੇ ਸਾਰੇ ਮੁਸਲਮਾਨ ਮਾਸਾਹਾਰੀ ਹੁੰਦੇ ਹਨ? ਉਸ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ।
ਚੰਪਈ ਸੋਰੇਨ ਦੀ ਜਾਸੂਸੀ ਦਾ ਦੋਸ਼
ਗੁਹਾਟੀ : ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਬੁੱਧਵਾਰ ਦੋਸ਼ ਲਾਇਆ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਦੀ ਪੰਜ ਮਹੀਨਿਆਂ ਤੋਂ ਉਨ੍ਹਾ ਦੀ ਹੀ ਸਰਕਾਰ ਵੱਲੋਂ ਜਾਸੂਸੀ ਕੀਤੀ ਜਾ ਰਹੀ ਹੈ ਤੇ ਉਹ ਪੁਲਸ ਦੀ ਨਿਗਰਾਨੀ ਹੇਠ ਹਨ। ਇਸ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਸਰਮਾ ਨੇ ਕਿਹਾ ਕਿ ਝਾਰਖੰਡ ਪੁਲਸ ਦੀ ਸਪੈਸ਼ਲ ਬ੍ਰਾਂਚ ਦੇ ਦੋ ਸਬ-ਇੰਸਪੈਕਟਰਾਂ ਨੂੰ ਚੰਪਈ ਸੋਰੇਨ ਦੇ ਸਮਰਥਕਾਂ ਨੇ ਦਿੱਲੀ ਦੇ ਹੋਟਲ ’ਚ ਉਦੋਂ ਫੜ ਲਿਆ, ਜਦੋਂ ਉਹ ਸਾਬਕਾ ਮੁੱਖ ਮੰਤਰੀ ’ਤੇ ਨਜ਼ਰ ਰੱਖ ਰਹੇ ਸਨ। ਸਰਮਾ ਨੇ ਇੱਥੇ ਪ੍ਰੈੱਸ ਕਾਨਫਰੰਸ ’ਚ ਕਿਹਾਇਹ ਭਾਰਤੀ ਰਾਜਨੀਤੀ ’ਚ ਜਾਸੂਸੀ ਦਾ ਦੁਰਲੱਭ ਮਾਮਲਾ ਹੈ, ਅਸੀਂ ਇਸ ਨੂੰ ਉੱਚ ਪੱਧਰ ’ਤੇ ਰੱਖਾਂਗੇ। ਉਨ੍ਹਾ ਕਿਹਾ ਕਿ ਦੋਵਾਂ ਸਬ-ਇੰਸਪੈਕਟਰਾਂ ਨੂੰ ਦਿੱਲੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।