ਤਰਨ ਤਾਰਨ : ਬਿਜਲੀ ਕਾਮਿਆਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਖਿਲਾਫ਼ ਪੀ ਐੱਸ ਈ ਬੀ ਇੰਪਲਾਈਜ਼ ਜਾਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੂਬਾ ਪੱਧਰੀ ਸੱਦੇ ’ਤੇ 21 ਅਗਸਤ ਤੋਂ ਲੜੇ ਜਾ ਰਹੇ ਸ਼ਾਂਤਮਈ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਪਾਵਰ ਮੈਨੇਜਮੈਂਟ ਵੱਲੋਂ ਆਪਣੇ ਪੱਤਰ ਰਾਹੀਂ ਮੁਲਾਜ਼ਮ ਜਥੇਬੰਦੀਆਂ ’ਤੇ ਬੇਲੋੜਾ ਦਬਾਅ ਬਣਾਉਣ ਲਈ ਐਸਮਾ ਕਾਨੂੰਨ ਲਾਗੂ ਕਰਨ ਦੀਆਂ ਗਿੱਦੜ ਭਬਕੀਆਂ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਸਾਂਝਾ ਫੋਰਮ ਅਤੇ ਏਕਤਾ ਮੰਚ ਦੇ ਸੂਬਾਈ ਆਗੂਆਂ ਰਤਨ ਸਿੰਘ ਮਜਾਰੀ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ 31 ਜੁਲਾਈ ਨੂੰ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਪਾਵਰ ਮੈਨੇਜਮੈਂਟ ਨਾਲ ਚੰਡੀਗੜ੍ਹ ਵਿਖੇ ਤਿੰਨ ਘੰਟੇ ਚਲੀ ਮੀਟਿੰਗ, ਜਿਸ ਵਿੱਚ ਉਸ ਵਕਤ ਦੇ ਪਾਵਰ ਸਕੱਤਰ ਤੇਜਵੀਰ ਸਿੰਘ ਆਈ ਏ ਐੱਸ ਵੀ ਮੌਜੂਦ ਸਨ, ਵੱਲਂੋ ਬਿਜਲੀ ਕਾਮਿਆਂ ਦੀਆਂ ਚਿਰਾਂ ਤੋਂ ਲਮਕ ਅਵਸਥਾ ਵਿੱਚ ਪਈਆਂ ਮੰਗਾਂ ’ਤੇ ਸਹਿਮਤੀ ਪ੍ਰਗਟ ਕਰਦਿਆਂ 15 ਅਗਸਤ ਤੱਕ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਪਾਵਰ ਮੈਨੇਜਮੈਂਟ ਮੰਗਾਂ ਲਾਗੂ ਕਰਨ ਤੋਂ ਪਹਿਲਾਂ ਦੀ ਤਰ੍ਹਾਂ ਮੁਨਕਰ ਹੋ ਗਈ ਹੈ, ਜਿਸ ਖਿਲਾਫ਼ ਮੁਲਾਜ਼ਮ ਜਥੇਬੰਦੀਆਂ ਸ਼ਾਂਤਮਈ ਸੰਘਰਸ਼ ਕਰ ਰਹੀਆਂ ਹਨ, ਪਰ ਪਾਵਰ ਮੈਨੇਜਮੈਂਟ ਸੰਘਰਸ਼ ਨੂੰ ਫੇਲ੍ਹ ਕਰਨ ਲਈ ਹੋਛੇ ਹੱਥਕੰਡਿਆਂ ’ਤੇ ਚੱਲ ਕੇ ਟਕਰਾਅ ਵਾਲਾ ਮਾਹੌਲ ਤਿਆਰ ਕਰ ਰਹੀ ਹੈ, ਜਿਸ ਨੂੰ ਜਥੇਬੰਦੀਆਂ ਕਦਾਚਿਤ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਪਾਵਰ ਮੈਨੇਜਮੈਂਟ ਦੇ ਸੰਘਰਸ਼ ਨੂੰ ਫੇਲ੍ਹ ਕਰਨ ਦੇ ਇਰਾਦਿਆਂ ਦਾ ਤਿੱਖੇ ਸੰਘਰਸ਼ਾਂ ਰਾਹੀਂ ਮੂੰਹ-ਤੋੜ ਜਵਾਬ ਦੇਣਗੀਆਂ।