ਅੰਮਿ੍ਰਤਸਰ : ਪੋਸਕੋ ਫਾਸਟ ਟਰੈਕ ਕੋਰਟ ਨੇ ਆਪਣੀ ਛੇ ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰ ਕੇ ਬੁਰੀ ਤਰ੍ਹਾਂ ਕਤਲ ਕਰਨ ਦੇ ਮਾਮਲੇ ’ਚ ਪਿਤਾ ਨੂੰ ਫਾਂਸੀ ਦੀ ਸਜ਼ਾ ਤੇ ਡੇਢ ਲੱਖ ਰੁਪਏ ਦਾ ਜੁਰਮਾਨਾ ਸੁਣਾਇਆ ਹੈ। ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਤਿ੍ਰਪਤਜੋਤ ਕੌਰ ਨੇ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਲੱਖੂਵਾਲ ਦੇ 36 ਸਾਲਾ ਪ੍ਰਤਾਪ ਸਿੰਘ ਨੂੰ ਇਹ ਸਜ਼ਾ ਸੁਣਾਈ। 4-5 ਜਨਵਰੀ 2020 ਦੀ ਦਰਮਿਆਨੀ ਰਾਤ ਨੂੰ ਕੀਤੇ ਘਿਨੌਣੇ ਅਪਰਾਧ ਲਈ ਉਸ ’ਤੇ ਧਾਰਾ 302 ਅਤੇ ਪੋਸਕੋ ਐਕਟ ਦੀ ਧਾਰਾ 6 ਅਧੀਨ ਮੁਕੱਦਮਾ ਚੱਲਿਆ।
ਫਾਜ਼ਲ ਜੱਜ ਨੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਨਾ ਹੁੰਦਿਆਂ ਧਾਰਾ 302 ਤਹਿਤ ਫਾਂਸੀ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਅਤੇ ਪੋਸਕੋ ਐਕਟ ਦੀ ਧਾਰਾ 6 ਤਹਿਤ ਤਾਉਮਰ ਕੈਦ ਤੇ ਪੰਜਾਹ ਹਜ਼ਾਰ ਰੁਪਏ ਜੁਰਮਾਨੇ ਦੀ ਸਖਤ ਸਜ਼ਾ ਸੁਣਾਈ। ਦੋਵੇਂ ਸਜ਼ਾਵਾਂ ਨਾਲੋ-ਨਾਲ ਚੱਲਣਗੀਆਂ। ਦੋਸ਼ੀ ਦੀ ਪਤਨੀ ਪਰਵਾਰਕ ਝਗੜੇ ਕਰਕੇ ਉਸ ਤੋਂ ਆਪਣੇ ਬੱਚਿਆਂ ਸਮੇਤ ਵੱਖ ਰਹਿੰਦੀ ਸੀ ਤੇ ਦੋਸ਼ੀ ਸਮੇਂ-ਸਮੇਂ ’ਤੇ ਆਪਣੀ ਬੱਚੀ ਨੂੰ ਆਪਣੇ ਨਾਲ ਲੈ ਜਾਂਦਾ ਸੀ ਤੇ ਘਟਨਾ ਵਾਲੇ ਦਿਨ ਚਾਰ ਜਨਵਰੀ ਸ਼ਾਮ ਨੂੰ ਉਹ ਬੱਚੀ ਨੂੰ ਲੈ ਗਿਆ ਤੇ ਛੱਡਣ ਨਹੀਂ ਆਇਆ ਅਤੇ ਜੰਗਲੀ ਇਲਾਕੇ ’ਚ ਨੰਨ੍ਹੀ ਬੱਚੀ ਨਾਲ ਜਬਰ-ਜ਼ਨਾਹ ਕਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਦਰਖਤ ਨਾਲ ਲਟਕਾ ਦਿੱਤੀ। ਉਹ ਨਸ਼ੇ ਦੀ ਹਾਲਤ ’ਚ ਨੇੜੇ ਹੀ ਘੁੰਮਦਾ ਰਿਹਾ। ਉਸ ਨੇ ਇਸ ਵਾਰਦਾਤ ਬਾਰੇ ਆਪਣੀ ਪਤਨੀ ਨੂੰ ਆਪ ਹੀ ਸੂਚਿਤ ਕਰ ਦਿੱਤਾ ਕਿ ਉਸ ਨੇ ਬੱਚੀ ਨੂੰ ਮਾਰ ਦਿੱਤਾ ਹੈ। ਥਾਣਾ ਖਿਲਚੀਆਂ ਵਿਖੇ ਦੋਸ਼ੀ ਦੀ ਪਤਨੀ ਰਮਨਜੀਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ 5 ਜਨਵਰੀ ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ।