ਸ਼ਿਵ ਸੈਨਾ ਮੰਤਰੀ ਦੇ ਉਲਟੀ ਵਾਲੇ ਬਿਆਨ ਨਾਲ ਮਹਾਰਾਸ਼ਟਰ ਕੁਲੀਸ਼ਨ ’ਚ ਕਲੇਸ਼

0
177

ਮੁੰਬਈ : ਸ਼ਿਵ ਸੈਨਾ ਦੇ ਮੰਤਰੀ ਤਾਨਾਜੀ ਸਾਵੰਤ ਦੇ ਬਿਆਨ ਤੋਂ ਬਾਅਦ ਭਾਜਪਾ, ਏਕ ਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ ਸੀ ਪੀ) ਉੱਤੇ ਅਧਾਰਤ ਮਹਾਰਾਸ਼ਟਰ ਦੀ ਹੁਕਮਰਾਨ ਮਹਾਯੁਤੀ ਕੁਲੀਸ਼ਨ ਵਿਚ ਸਿਆਸੀ ਟੈਂਸ਼ਨ ਵਧ ਗਈ ਹੈ।
ਵੀਰਵਾਰ ਇਕ ਸਮਾਗਮ ਵਿਚ ਸਾਵੰਤ ਨੇ ਕਿਹਾ ਕਿ ਕੈਬਨਿਟ ਮੀਟਿੰਗ ’ਚ ਐੱਨ ਸੀ ਪੀ ਦੇ ਮੰਤਰੀਆਂ ਨਾਲ ਬੈਠਣ ਤੋਂ ਬਾਅਦ ਉਸ ਨੂੰ ਉਲਟੀ ਆਉਣ ਨੂੰ ਕਰਦੀ ਹੈ। ਉਸ ਨੇ ਕਿਹਾ ਕਿ ਉਹ ਕੱਟੜ ਸ਼ਿਵ ਸੈਨਿਕ ਹੈ ਅਤੇ ਐੱਨ ਸੀ ਪੀ ਆਗੂਆਂ ਨਾਲ ਮਿਲ ਕੇ ਕਦੇ ਨਹੀਂ ਚਲ ਸਕਦਾ। ਉਸ ਨੇ ਕਿਹਾ-ਹਾਲਾਂਕਿ ਕੈਬਨਿਟ ’ਚ ਅਸੀਂ ਇਕ-ਦੂਜੇ ਦੇ ਨਾਲ ਬੈਠਦੇ ਹਾਂ, ਬਾਹਰ ਆ ਕੇ ਉਲਟੀ ਆਉਣ ਨੂੰ ਕਰਦੀ ਹੈ। ਐੱਨ ਸੀ ਪੀ ਦੇ ਬੁਲਾਰੇ ਤੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਅਮੋਲ ਮਿਤਕਾਰੀ ਨੇ ਸਾਵੰਤ ਦੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਕੀ ਡਗਮਗਾਉਂਦੀ ਕੁਲੀਸ਼ਨ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸਿਰਫ ਐੱਨ ਸੀ ਪੀ ਦੀ ਹੈ? ਉਸ ਨੇ ਕਿਹਾ-ਅਸੀਂ ਕੁਲੀਸ਼ਨ ਧਰਮ ਨਿਭਾਉਣ ਖਾਤਰ ਹੀ ਚੁੱਪ ਹਾਂ। ਐੱਨ ਸੀ ਪੀ (ਸ਼ਰਦ ਪਵਾਰ) ਦੇ ਬੁਲਾਰੇ ਕਲਾਇਡੇ ਕ੍ਰੈਸਟੋ ਨੇ ਕਿਹਾ ਕਿ ਸਾਵੰਤ ਦੇ ਬਿਆਨ ਤੋਂ ਸਾਫ ਹੈ ਕਿ ਮਹਾਯੁਤੀ ਕੁਲੀਸ਼ਨ ਨੂੰ ਅਜੀਤ ਪਵਾਰ ਦੀ ਐੱਨ ਸੀ ਪੀ ਦੀ ਲੋੜ ਨਹੀਂ। ਉਸ ਨੇ ਕਿਹਾ ਕਿ ਆਰ ਐੱਸ ਐੱਸ ਵਾਲੇ ਵੀ ਅਜੀਤ ਪਵਾਰ ਨਾਲ ਆੜੀ ਦਾ ਵਿਰੋਧ ਕਰ ਚੁੱਕੇ ਹਨ। ਸਾਵੰਤ ਦੇ ਬਿਆਨ ਨੇ ਅੰਦਰੂਨੀ ਕਲੇਸ਼ ਨੂੰ ਬਾਹਰ ਲੈ ਆਂਦਾ ਹੈ। ਵੇਲਾ ਆ ਚੁੱਕਾ ਹੈ ਕਿ ਭਾਜਪਾ ਅਜੀਤ ਪਵਾਰ ਨੂੰ ਮਹਾਯੁਤੀ ਨੂੰ ਬਾਹਰ ਕੱਢਣ ਵਾਲੀ ਹੈ। ਦਿਨੋ-ਦਿਨ ਤਰੇੜ ਵਧਦੀ ਜਾ ਰਹੀ ਹੈ। ਅਜੀਤ ਪਵਾਰ ਲਈ ਵੀ ਜਾਗਣ ਦੀ ਘੜੀ ਹੈ। ਐੱਨ ਸੀ ਪੀ (ਸ਼ਰਦ ਪਵਾਰ) ਦੇ ਇਕ ਹੋਰ ਬੁਲਾਰੇ ਮਹੇਸ ਤਾਪਸੇ ਨੇ ਕਿਹਾ ਕਿ ਅਜੀਤ ਪਵਾਰ ਇੱਜ਼ਤ ਗੁਆ ਚੁੱਕੇ ਹਨ ਤੇ ਸ਼ਿੰਦੇ ਦੀ ਸ਼ਿਵ ਸੈਨਾ ਦੇ ਵਰਕਰ ਉਸ ਦੀ ਪਾਰਟੀ ਨਾਲ ਚੱਲ ਕੇ ਖੁਸ਼ ਨਹੀਂ। ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨ ਸੀ ਪੀ ਜੁਲਾਈ 2023 ਵਿਚ ਦੋਫਾੜ ਹੋ ਗਈ ਸੀ ਜਦੋਂ ਅਜੀਤ ਪਵਾਰ ਕਈ ਵਿਧਾਇਕਾਂ ਨੂੰ ਲੈ ਕੇ ਮਹਾਯੁਤੀ ਵਿਚ ਸ਼ਾਮਲ ਹੋ ਗਿਆ ਸੀ। ਉਸ ਨੇ ਪਾਰਟੀ ਦੇ ਨਾਂਅ ’ਤੇ ਚੋਣ ਨਿਸ਼ਾਨ ਘੜੀ ’ਤੇ ਵੀ ਕਬਜ਼ਾ ਕਰ ਲਿਆ ਸੀ।

LEAVE A REPLY

Please enter your comment!
Please enter your name here