ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਦੇ ਖੇਡ ਸੱਭਿਆਚਾਰ ਨੂੰ ਸਫਲਤਾਪੂਰਵਕ ਸੁਰਜੀਤ ਕਰਨ ਅਤੇ ਨਵੀਂ ਖੇਡ ਨੀਤੀ ਲਾਗੂ ਕਰਨ ਲਈ ਪੰਜਾਬ ਦੀ ਮਾਨ ਸਰਕਾਰ ਦੀ ਸ਼ਲਾਘਾ ਕੀਤੀ ਹੈ। ਹੇਅਰ ਨੇ ਕਿਹਾ ਕਿ ਖੇਡ ਨੀਤੀ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਟੂਰਨਾਮੈਂਟਾਂ ਦਾ ਮੁੱਖ ਮੰਤਵ ਪੰਜਾਬ ਨੂੰ ਖੇਡਾਂ ਵਿੱਚ ਦੁਬਾਰਾ ਨੰਬਰ-1 ਰਾਜ ਬਣਾਉਣਾ ਅਤੇ ਹਰ ਉਮਰ ਦੇ ਲੋਕਾਂ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕਰਨਾ ਹੈ।ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਵਿਖੇ ਸੀਨੀਅਰ ਬੁਲਾਰੇ ਨੀਲ ਗਰਗ ਦੇ ਨਾਲ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਹੇਅਰ ਨੇ ਕਿਹਾ ਕਿ ਇਸ ਸਮੇਂ ਤੀਸਰਾ ‘ਖੇਡਾਂ ਵਤਨ ਪੰਜਾਬ ਦੀਆਂ’ ਟੂਰਨਮੈਂਟ ਚੱਲ ਰਿਹਾ ਹੈ। ਇਸ ਸਾਲ, ਪਹਿਲੀ ਵਾਰ ਪੈਰਾ-ਅਥਲੈਟਿਕਸ, ਪੈਰਾ-ਪਾਵਰਲਿਫਟਿੰਗ ਅਤੇ ਪੈਰਾ-ਬੈਡਮਿੰਟਨ ਨੂੰ ਸ਼ਾਮਲ ਕਰਨ ਦੇ ਨਾਲ-ਨਾਲ ਤਿੰਨ ਨਵੀਆਂ ਖੇਡਾਂ-ਸਾਈਕਲਿੰਗ, ਬੇਸਬਾਲ ਅਤੇ ਤਾਈਕਵਾਂਡੋ ਨੂੰ ਪੇਸ਼ ਕੀਤਾ ਗਿਆ ਹੈ।
ਹੇਅਰ ਨੇ ਦੱਸਿਆ ਕਿ ਨਕਦ ਇਨਾਮ, ਜੋ ਪਹਿਲਾਂ 40 ਸਾਲ ਤੱਕ ਦੇ ਉਮਰ ਵਰਗਾਂ ਨੂੰ ਦਿੱਤੇ ਜਾਂਦੇ ਸਨ, ਹੁਣ 40-50, 50-60, 60-70 ਅਤੇ 70+ ਉਮਰ ਵਰਗਾਂ ਦੇ ਜੇਤੂਆਂ ਨੂੰ ਵੀ ਦਿੱਤੇ ਜਾਣਗੇ। 40 ਸਾਲ ਦੀ ਉਮਰ ਤੱਕ ਦੇ ਮੈਡਲ ਜੇਤੂਆਂ ਨੂੰ ਲਗਭਗ 9 ਕਰੋੜ ਰੁਪਏ ਦਾ ਨਕਦ ਇਨਾਮ ਮਿਲੇਗਾ। ਜਦੋਂ ਕਿ 40 ਤੋਂ ਵਧ ਉਮਰ ਵਰਗ ਸ਼੍ਰੇਣੀਆਂ ਵਿੱਚ 1,221 ਤਗਮਾ ਜੇਤੂਆਂ ਨੂੰ ਕੁੱਲ 90 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।