ਸ਼ੰਭੂ ਬਾਰਡਰ ’ਤੇ ਕਿਸਾਨ ਅੰਦੋਲਨ ’ਚ ਪਹੁੰਚੀ ਵਿਨੇਸ਼ ਫੋਗਾਟ
ਨਵੀਂ ਦਿੱਲੀ : ਸੰਭੂ ਬਾਰਡਰ ’ਤੇ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਸ਼ਨੀਵਾਰ 200 ਦਿਨ ਹੋ ਗਏ। ਇਸ ਮੌਕੇ ਕਿਸਾਨਾਂ ਨੇ ਵੱਡੇ ਪੈਮਾਨੇ ’ਤੇ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਸ਼ਨੀਵਾਰ ਨੂੰ ਉਲੰਪੀਅਨ ਭਲਵਾਨ ਵਿਨੇਸ਼ ਫੋਗਾਟ ਵੀ ਸ਼ੰਭੂ ਬਾਰਡਰ ਪਹੰਚੀ। ਕਿਸਾਨਾਂ ਨੇਤਾਵਾਂ ਨੇ ਵਿਨੇਸ਼ ਫੋਗਟ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਵਿਨੇਸ਼ ਫੋਗਾਟ ਨੇ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਪ੍ਰਗਟ ਕਰਦੇ ਹੋਏ ਕਿਹਾ ਕਿ ਕਿਸਾਨ ਆਪਣੇ ਅਧਿਕਾਰਾਂ ਲਈ ਲੰਮੇ ਸਮੇਂ ਤੋਂ ਇੱਥੇ ਬੈਠੇ ਹਨ, ਪਰ ਉਨ੍ਹਾਂ ਦੀ ਊਰਜਾ ਹਾਲੇ ਵੀ ਘਟੀ ਨਹੀਂ। ਮੈਂ ਖੁਦ ਨੂੰ ਖੁਸ਼ਕਿਸਮਤ ਵਾਲੀ ਮੰਨਦੀ ਹਾਂ ਕਿ ਮੈਂ ਇੱਕ ਕਿਸਾਨ ਪਰਵਾਰ ਦੇ ਘਰ ਪੈਦਾ ਹੋਈ ਹਾਂ। ਤੁਹਾਡੀ ਬੇਟੀ ਤੁਹਾਡੇ ਨਾਲ ਹੈ। ਸਾਨੂੰ ਆਪਣੇ ਅਧਿਕਾਰਾਂ ਲਈ ਖੜਾ ਹੋਣਾ ਹੋਵੇਗਾ, ਕਿਉਂਕਿ ਕੋਈ ਹੋਰ ਸਾਡੇ ਲਈ ਨਹੀਂ ਆਵੇਗਾ। ਉਨ੍ਹਾ ਕਿਹਾ ਕਿ ਕਿਸਾਨ ਸੰਦੇਸ਼ ਦਿੰਦੇ ਹਨ ਕਿ ਆਪਣੇ ਅਧਿਕਾਰਾਂ ਲਈ ਲੜਨਾ ਪੈਣਾ ਹੈ। ਕਿਸਾਨਾਂ ਦਾ ਜਜ਼ਬਾ ਕਦੀ ਕਮਜ਼ੋਰ ਨਹੀਂ ਹੋਇਆ। ਉਨ੍ਹਾ ਕਿਹਾਮੈਨੂੰ ਮਾਣ ਹੈ ਕਿ ਇੱਕ ਕਿਸਾਨ ਪਰਵਾਰ ’ਚ ਮੇਰਾ ਜਨਮ ਹੋਇਆ ਹੈ। ਮੈਂ ਅੰਦੋਲਨਕਾਰੀ ਕਿਸਾਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੀ ਬੇਟੀ ਤੁਹਾਡੇ ਨਾਲ ਖੜੀ ਹੈ। ਮੈਂ ਭਗਵਾਨ ਤੋਂ ਪ੍ਰਾਰਥਨਾ ਕਰਦੀ ਹਾਂ ਕਿ ਤੁਹਾਡੀਆਂ ਮੰਗਾਂ ਪੂਰੀਆਂ ਹੋਣ ਅਤੇ ਜਦ ਤੱਕ ਤੁਸੀਂ ਆਪਣੇ ਅਧਿਕਾਰ ਨਹੀਂ ਲੈ ਲੈਂਦੇ, ਉਦੋਂ ਤੱਕ ਵਾਪਸ ਨਾ ਜਾਇਓ।
ਫੋਗਾਟ ਨੇ ਕਿਸਾਨਾਂ ਦੇ ਸਮਰਥਨ ’ਚ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ, ‘ਕਿਸਾਨ ਆਪਣੇ ਅਧਿਕਾਰਾਂ ਲਈ ਪਿਛਲੇ 200 ਦਿਨਾਂ ਤੋਂ ਬੈਠੇ ਹਨ ਅਤੇ ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਇਹ ਬਹੁਤ ਦੁਖਦਾਈ ਹੈ ਕਿ ਉਨ੍ਹਾਂ ਨੂੰ 200 ਦਿਨ ਤੋਂ ਸੁਣਿਆ ਨਹੀਂ ਗਿਆ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਅੰਦੋਲਨ ਦੀ ਪ੍ਰਗਤੀ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਸ਼ਾਂਤੀਪੂਰਨ ਤਰੀਕੇ ਨਾਲ, ਪਰ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾ ਕਿਹਾ, ‘ਕੇਂਦਰ ਸਰਕਾਰ ਸਾਡੇ ਸੰਕਲਪ ਦੀ ਪ੍ਰੀਖਿਆ ਲੈ ਰਹੀ ਹੈ ਅਤੇ ਸਾਡੀਆਂ ਮੰਗਾਂ ਹੁਣ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ। ਅਸੀਂ ਇੱਕ ਵਾਰ ਫਿਰ ਤੋਂ ਸਰਕਾਰ ਸਾਹਮਣੇ ਆਪਣੀਆਂ ਮੰਗਾਂ ਰੱਖਾਂਗੇ ਅਤੇ ਨਵੇਂ ਐਲਾਨ ਵੀ ਕੀਤੇ ਜਾਣਗੇ। ਪੰਧੇਰ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੇ 200 ਦਿਨ ਪੂਰੇ ਹੋਣਾ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ, ਜੋ ਕਿਸਾਨਾਂ ਦੇ ਦਿ੍ਰੜ੍ਹ ਸੰਕਲਪ ਨੂੰ ਦਰਸਾਉਂਦਾ ਹੈ। ਉਹਨਾ ਸ਼ਨੀਵਾਰ ਧਰਨੇ ਤੋਂ ਬਾਅਦ ਇਹ ਐਲਾਨ ਕੀਤਾ ਕਿ 3 ਅਕਤੂਬਰ ਨੂੰ ਬਾਅਦ ਦੁਪਹਿਰ 2 ਘੰਟੇ ਲਈ ਦੇਸ਼ ਭਰ ’ਚ ਰੇਲ ਰੋਕੋ ਅੰਦੋਲਨ ਕਰਾਂਗੇ।ਸਾਡੀਆਂ ਮੰਗਾਂ ਸਰਕਾਰ ਅੱਗੇ ਹਨ ਅਤੇ ਸਰਕਾਰ ਨੂੰ ਉਨ੍ਹਾਂ ਮੰਗਾਂ ਨੂੰ ਜਲਦੀ ਤੋਂ ਜਲਦੀ ਪ੍ਰਵਾਨ ਕਰਨਾ ਚਾਹੀਦਾ ਹੈ।
15 ਸਤੰਬਰ ਨੂੰ ਜੀਂਦ ਵਿੱਚ ਕਿਸਾਨਾਂ ਦੀ ਵਿਸ਼ਾਲ ਰੈਲੀ ਅਤੇ 22 ਸਤੰਬਰ ਨੂੰ ਪਿੱਪਲੀ ਵਿੱਚ ਵਿਸ਼ਾਲ ਰੈਲੀ ਕੀਤੀ ਜਾਵੇਗੀ।ਇਸੇ ਦੌਰਾਨ ਕਿਸਾਨਾਂ ਨੇ ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਣਾ ਰਣੌਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਉਨ੍ਹਾ ਭਾਰਤੀ ਜਨਤਾ ਪਾਰਟੀ ਨੂੰ ਰਣੌਤ ਖਿਲਾਫ ਸਖਤ ਸਟੈਂਡ ਲੈਣ ਦੀ ਅਪੀਲ ਕੀਤੀ ਹੈ, ਜਿਸ ਦੀਆਂ ਟਿੱਪਣੀਆਂ ਨੇ ਕਿਸਾਨ ਭਾਈਚਾਰੇ ਵਿੱਚ ਵਿਵਾਦ ਅਤੇ ਵਿਰੋਧ ਪੈਦਾ ਕੀਤਾ ਹੈ।