ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ)-ਬੇਗੋਵਾਲ ਇਲਾਕੇ ਵਿਚ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਐਤਵਾਰ ਦੁਪਹਿਰ ਕਰੀਬ ਸਾਢੇ 12 ਤੋਂ ਲੈ ਕੇ ਸਵਾ ਇੱਕ ਵਜੇ ਤੱਕ ਲੁੱਟ-ਖੋਹ ਦੀਆਂ ਤਿੰਨ ਵਾਰਦਾਤਾਂ ਕਰ ਦਿੱਤੀਆਂ।ਸੁਖਵਿੰਦਰ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਤਲਵੰਡੀ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਪਿੰਡ ਤਲਵੰਡੀ ਤੋਂ ਬੇਗੋਵਾਲ ਨੂੰ ਦਵਾਈ ਲੈਣ ਲਈ ਆ ਰਹੀ ਸੀ ਤੇ ਜਦੋਂ ਉਹ ਬੇਗੋਵਾਲ ਸ਼ਹਿਰ ਦੇ ਨੇੜੇ ਹੀ ਸੀ ਤਾਂ ਪਿੱਛੋਂ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਉਸ ਦੇ ਚਿਹਰੇ ’ਤੇ ਸਪਰੇਅ ਕੀਤੀ, ਜਿਸ ਕਾਰਨ ਉਹ ਸਕੂਟਰੀ ਸਮੇਤ ਸੜਕ ’ਤੇ ਡਿਗ ਪਈ। ਲੁਟੇਰੇ ਨੌਜਵਾਨਾਂ ਨੇ ਸੁਖਵਿੰਦਰ ਕੌਰ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਖੋਹ ਲਈ ਤੇ ਬੇਗੋਵਾਲ ਸ਼ਹਿਰ ਵੱਲ ਨੂੰ ਫਰਾਰ ਹੋ ਗਏ। ਇਹ ਘਟਨਾ ਦੁਪਹਿਰ ਇੱਕ ਵਜੇ ਦੀ ਹੈ। ਸੁਖਵਿੰਦਰ ਕੌਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ।ਰਾਹਗੀਰਾਂ ਅਤੇ ਨੇੜਲੇ ਪਿੰਡ ਦੇ ਮੋਹਤਬਰਾਂ ਨੇ ਉਸ ਨੂੰ ਬੇਗੋਵਾਲ ਦੇ ਕਰਤਾਰ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਾਇਆ ਗਿਆ।
ਜਰਨੈਲ ਸਿੰਘ ਵਾਸੀ ਦੌਲੋਵਾਲ ਆਪਣੀ ਪਤਨੀ ਬਲਵਿੰਦਰ ਕੌਰ ਨਾਲ ਬੇਗੋਵਾਲ ਸ਼ਹਿਰ ਤੋਂ ਆਪਣੇ ਪਿੰਡ ਦੌਲੋਵਾਲ ਨੂੰ ਮੋਟਰਸਾਈਕਲ ’ਤੇ ਵਾਪਸ ਜਾ ਰਿਹਾ ਸੀ। ਜਦੋਂ ਉਹ ਪਿੰਡ ਸੀਕਰੀ ਦੇ ਸਕੂਲ ਨੇੜੇ ਪਹੁੰਚੇ ਤਾਂ ਪਿੱਛੋਂ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਉਸ ਦੀ ਪਤਨੀ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਨਡਾਲਾ ਵੱਲ ਨੂੰ ਫਰਾਰ ਹੋ ਗਏ। ਇਹ ਘਟਨਾ ਦੁਪਹਿਰ ਇੱਕ ਵੱਜ ਕੇ 10 ਮਿੰਟ ਦੀ ਦੱਸੀ ਗਈ ਹੈ। ਜਰਨੈਲ ਸਿੰਘ ਦਾ ਕਹਿਣਾ ਹੈ ਕਿ ਮੋਟਰਸਾਈਕਲ ਨੰਬਰ ਪਲੇਟ ਤੋਂ ਬਿਨਾਂ ਸੀ। ਤਜਿੰਦਰਪਾਲ ਸਿੰਘ ਵਾਸੀ ਫਤਿਹਗੜ੍ਹ ਨੇ ਦੱਸਿਆ ਕਿ ਉਸ ਦੀ ਮਾਤਾ ਰਵੇਲ ਕੌਰ ਦਿਨ ਦੇ ਕਰੀਬ 12:30 ਵਜੇ ਘਰ ਦੇ ਮੂਹਰੇ ਵਾਲੀ ਗਲੀ ਵਿੱਚ ਸੀ। ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ ਅਤੇ ਉਸ ਦੀ ਮਾਤਾ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ।