ਪੈਰਿਸ : ਭਾਰਤ ਦੇ ਯੋਗੇਸ਼ ਕਥੂਨੀਆ ਨੇ ਪੈਰਾਲੰਪਿਕ ਖੇਡਾਂ ‘ਚ ਡਿਸਕਸ ਥਰੋਅ ਐੱਫ-56 ਈਵੈਂਟ ‘ਚ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 42.22 ਮੀਟਰ ਨਾਲ ਲਗਾਤਾਰ ਦੂਜਾ ਪੈਰਾਲੰਪਿਕ ਚਾਂਦੀ ਦਾ ਤਮਗਾ ਜਿੱਤ ਲਿਆ | 27 ਸਾਲਾ ਖਿਡਾਰੀ ਨੇ ਤਿੰਨ ਸਾਲ ਪਹਿਲਾਂ ਟੋਕੀਓ ਪੈਰਾਲੰਪਿਕ ‘ਚ ਆਪਣੀ ਪਹਿਲੀ ਕੋਸ਼ਿਸ਼ ‘ਚ ਡਿਸਕਸ ਨੂੰ ਪੋਡੀਅਮ-ਕਲਿੰਚਿੰਗ ਦੂਰੀ ਤੱਕ ਸੁੱਟ ਕੇ ਚਾਂਦੀ ਦਾ ਤਮਗਾ ਜਿੱਤਿਆ ਸੀ |
9 ਸਾਲ ਦੀ ਉਮਰ ‘ਚ ਕਥੂਨੀਆ ਗੁਇਲੇਨ-ਬੈਰੇ ਸਿੰਡਰੋਮ ਨਾਲ ਪੀੜਤ ਹੋ ਗਿਆ ਸੀ | ਇਸ ਦੌਰਾਨ ਵ੍ਹੀਲਚੇਅਰ ‘ਤੇ ਹੋਣ ਕਾਰਨ ਉਸ ਨੇ ਆਪਣੀ ਮਾਂ ਮੀਨਾ ਦੇਵੀ ਦੀ ਮਦਦ ਨਾਲ ਜ਼ਿੰਦਗੀ ਦੀਆਂ ਔਕੜਾਂ ਨੂੰ ਪਾਰ ਕੀਤਾ | ਮਾਤਾ ਨੇ ਫਿਜ਼ੀਓਥੈਰੇਪੀ ਸਿੱਖ ਕੇ ਉਸ ਨੂੰ ਦੁਬਾਰਾ ਚੱਲਣ ਲਈ ਮਾਸਪੇਸ਼ੀਆਂ ਦੀ ਤਾਕਤ ਪ੍ਰਾਪਤ ਕਰਨ ‘ਚ ਮਦਦ ਕੀਤੀ ਸੀ | ਦੋ ਪੈਰਾਲੰਪਿਕ ਚਾਂਦੀ ਦੇ ਤਮਗਿਆਂ ਤੋਂ ਇਲਾਵਾ ਉਸ ਕੋਲ ਤਿੰਨ ਵਿਸ਼ਵ ਚੈਂਪੀਅਨਸ਼ਿਪ ਦੇ ਤਮਗੇ ਹਨ, ਜਿਨ੍ਹਾਂ ‘ਚ ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ ਸ਼ਾਮਲ ਹੈ |