ਜਲੰਧਰ (ਸ਼ੈਲੀ ਐਲਬਰਟ, ਇਕਬਾਲ ਸਿੰਘ ਉੱਭੀ)
ਜਲੰਧਰ ਪੁਲਸ ਵੱਲੋਂ ਜੱਗੂ ਭਗਵਾਨਪੁਰੀਆ ਦਾ ਨੇੜਲਾ ਸਾਥੀ ਦੱਸੇ ਜਾਂਦੇ ਕਨੂੰ ਗੁੱਜਰ ਨੂੰ ਮੁਕਾਬਲੇ ਤੋਂ ਬਾਅਦ ਗਿ੍ਰਫਤਾਰ ਕਰ ਲਿਆ ।ਪੁਲਸ ਪਾਰਟੀ ਦੀ ਜਵਾਬੀ ਗੋਲੀਬਾਰੀ ’ਚ ਕਨੂੰ ਗੁੱਜਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਹ ਕਤਲ, ਜਬਰੀ ਵਸੂਲੀ ਸਮੇਤ ਕਈ ਅਪਰਾਧਾਂ ’ਚ ਲੋੜੀਂਦਾ ਸੀ।ਪੁਲਸ ਕਮਿਸ਼ਨਰ ਨੇ ਦੱਸਿਆ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਕਰੀਬੀ ਸਾਥੀ ਜਸਕਰਨ ਗੁੱਜਰ ਉਰਫ਼ ਕੰਨੂ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਰਾਮਪੁਰ ਬਿਲੜਾਂ ਤੋਂ ਗਿ੍ਰਫ਼ਤਾਰ ਕੀਤਾ ਗਿਆ। ਉਨ੍ਹਾ ਦੱਸਿਆ ਕਿ ਉਨ੍ਹਾ ਨੂੰ ਸੂਚਨਾ ਦਿੱਤੀ ਗਈ ਕਿ ਉਹ ਸ਼ਹਿਰ ’ਚ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਸ਼ਹਿਰ ਦੇ ਹੈਮਿਲਟਨ ਟਾਵਰ ਦੇ ਪਿਛਲੇ ਪਾਸੇ ਨਾਜਾਇਜ਼ ਹਥਿਆਰ ਛੁਪਾਏ ਹੋਏ ਹਨ, ਜਿਸ ਤੋਂ ਬਾਅਦ ਪੁਲਸ ਉਸ ਨੂੰ ਉਕਤ ਸਥਾਨ ’ਤੇ ਲੈ ਗਈ।ਸਵਪਨ ਸ਼ਰਮਾ ਨੇ ਦੱਸਿਆ ਕਿ ਮੌਕੇ ’ਤੇ ਪੁੱਜ ਕੇ ਕੰਨੂ ਨੇ ਭੱਜਣ ਦੀ ਕੋਸ਼ਿਸ਼ ’ਚ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ, ਜਿਸ ਮਗਰੋਂ ਪੁਲਸ ਨੇ ਜਵਾਬੀ ਕਾਰਵਾਈ ਕੀਤੀ।ਮੁਕਾਬਲੇ ਦੌਰਾਨ ਜਸਕਰਨ ਗੁੱਜਰ ਉਰਫ਼ ਕੰਨੂ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਗੈਂਗਸਟਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਦੀ ਕ੍ਰੇਟਾ ਕਾਰ ਨੰਬਰ ਪੀ ਬੀ 08 ਡੀ ਏ 3232 ’ਚੋਂ ਛੇ ਪਿਸਤੌਲਾਂ ਸਮੇਤ 55 ਜ਼ਿੰਦਾ ਰੌਂਦ ਅਤੇ ਅੱਠ ਮੈਗਜ਼ੀਨ ਬਰਾਮਦ ਕੀਤੇ ਗਏ ਹਨ।