ਪਟਿਆਲਾ (ਰਾਜਿੰਦਰ ਸਿੰਘ ਥਿੰਦ)
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਚੰਡੀਗੜ੍ਹ ਵਿਖੇ ਲਾਏ ਖੇਤੀ ਨੀਤੀ ਮੋਰਚੇ ਦੇ ਚੌਥੇ ਦਿਨ ਜਿੱਥੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਾਫਲੇ ਵੱਡੀ ਗਿਣਤੀ ’ਚ ਪਹੁੰਚੇ, ਉਥੇ ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ), ਸਾਬਕਾ ਸੈਨਿਕਾਂ ਅਤੇ ਚੰਨੋ ਫੈਕਟਰੀ ਦੇ ਮਜ਼ਦੂਰ, ਮੁਲਾਜ਼ਮਾਂ ਦੇ ਹਮਾਇਤੀ ਜੱਥੇ ਮੋਰਚੇ ’ਚ ਸ਼ਾਮਲ ਹੋਏ। ਦੂਜੇ ਪਾਸੇ ਰੈਗੂਲਰ ਅਤੇ ਠੇਕਾ ਮੁਲਾਜ਼ਮਾਂ ਦੀਆਂ ਲੱਗਭਗ ਇੱਕ ਦਰਜਨ ਜਥੇਬੰਦੀਆਂ ਵੱਲੋਂ ਮਜ਼ਦੂਰ, ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਮੋਰਚੇ ਦੇ ਹੱਕ ’ਚ ਪੰਜਾਬ ਭਰ ’ਚ ਜ਼ਿਲ੍ਹਾ ਤੇ ਤਹਿਸੀਲ ਕੇਂਦਰ ਦਫਤਰਾਂ ਅੱਗੇ ਰੈਲੀਆਂ ਕਰਨ ਉਪਰੰਤ ਸ਼ਹਿਰਾਂ ’ਚ ਮੁਜ਼ਾਹਰੇ ਕੀਤੇ ਗਏ। ਖੇਤੀ ਨੀਤੀ ਮੋਰਚੇ ’ਚ ਜੁੜੇ ਇਕੱਠ ਨੂੰ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਸਿਰੜ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਗੁਰਬਖਸ਼ ਸਿੰਘ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਮਹੂਰੀ ਅਧਿਕਾਰ ਸਭਾ ਇਕਾਈ ਚੰਡੀਗੜ੍ਹ ਦੇ ਆਗੂ ਮਨਪ੍ਰੀਤ ਜੱਸ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਆਗੂ ਗੁਰਪ੍ਰੀਤ ਸਿੰਘ, ਚੰਨੋ ਫੈਕਟਰੀ ਦੇ ਆਗੂ ਹਰਿੰਦਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਬੀ ਕੇ ਯੂ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੂਬਾਈ ਆਗੂ ਝੰਡਾ ਸਿੰਘ ਜੇਠੂਕੇ, ਰੂਪ ਸਿੰਘ ਛੰਨਾ, ਜਨਕ ਸਿੰਘ ਭੁਟਾਲ, ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਮਹਿਲਾ ਕਿਸਾਨ ਆਗੂ ਕੁਲਦੀਪ ਕੌਰ ਕੁੱਸਾ, ਹਰਿੰਦਰ ਬਿੰਦੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਹਰਮੇਸ਼ ਮਾਲੜੀ, ਗੁਰਪਾਲ ਸਿੰਘ ਨੰਗਲ ਨੇ ਸੰਬੋਧਨ ਕੀਤਾ। ਆਗੂਆਂ ਐਲਾਨ ਕੀਤਾ ਕਿ ਮੰਗਾਂ ਦੇ ਤਸੱਲੀਬਖਸ਼ ਨਿਪਟਾਰੇ ਤੱਕ ਮੋਰਚਾ ਜਾਰੀ ਰਹੇਗਾ।