ਫਰੀਦਕੋਟ, (ਗੁਰਪ੍ਰੀਤ ਸਿੰਘ ਬੇਦੀ, ਐਲਿਗਜੈਂਡਰ ਡਿਸੂਜਾ)-ਮੋਦੀ ਸਰਕਾਰ ਦਾ ਪਿਛਲੇ ਦਸ ਵਰਿਆਂ ਦਾ ਰਾਜ ਔਰਤਾਂ ’ਤੇ ਜਬਰ-ਜ਼ੁਲਮ ਅਤੇ ਬਲਾਤਕਾਰਾਂ ਵਿਚ ਵਾਧੇ ਦੇ ਕਲੰਕ ਨਾਲ ਯਾਦ ਕੀਤਾ ਜਾਵੇਗਾ, ਜਿਸ ਵਿਚ ਕੋਲਕਾਤਾ ਕਾਂਡ ਵਰਗੇ ਅਨੇਕਾਂ ਦੁਖਦਾਈ ਕਾਂਡ ਭਾਜਪਾ ਸ਼ਾਸਤ ਰਾਜਾਂ ਵਿੱਚ ਭਾਜਪਾਈ ਆਗੂਆਂ ਅਤੇ ਵਰਕਰਾਂ ਵੱਲੋਂ ਹੀ ਵਰਤਾਏ ਗਏ ਹਨ। ਸੀ ਪੀ ਆਈ ਦੇ ਕੌਮੀ ਆਗੂ ਹਰਦੇਵ ਅਰਸ਼ੀ ਨੇ ਕਿਹਾ ਕਿ ਦਰਅਸਲ ਭਾਜਪਾ ਜਿਸ ਸੰਘੀ ਵਿਚਾਰਧਾਰਾ ਅਤੇ ਮਨੂੰ ਸਿਮਰਤੀ ਤੋਂ ਸੇਧ ਲੈਂਦੀ ਹੈ, ਉਹ ਔਰਤਾਂ ਤੋਂ ਇਲਾਵਾ ਦਲਿਤਾਂ ਅਤੇ ਘੱਟ ਗਿਣਤੀਆਂ ਨੂੰ ਸੰਵਿਧਾਨ ਵੱਲੋਂ ਦਿੱਤੇ ਗਏ ਬਰਾਬਰੀ ਦੇ ਅਧਿਕਾਰਾਂ ਦੇ ਵਿਰੁੱਧ ਹੈ। ਜਥੇਬੰਦੀ ਦੀ ਸੂਬਾ ਜਨਰਲ ਸਕੱਤਰ ਨਰਿੰਦਰ ਸੋਹਲ ਨੇ ਮੋਦੀ ਰਾਜ ਦੌਰਾਨ ਵਾਪਰੇ ਬਿਲਕਿਸ ਬਾਨੋ ਕਾਂਡ, ਹਾਥਰਸ ਕਾਂਡ, ਮਨੀਪੁਰ ਕਾਂਡ ਅਤੇ ਮਹਿਲਾ ਪਹਿਲਵਾਨ ਸ਼ੋਸ਼ਣ ਕਾਂਡ ਦਾ ਜਿਕਰ ਕਰਦੇ ਹੋਏ ਕਿਹਾ ਕਿ ਦੇਸ਼ ਦੀਆਂ ਧੀਆਂ-ਭੈਣਾਂ ’ਤੇ ਹੋਏ ਇਨ੍ਹਾਂ ਜ਼ੁਲਮਾਂ ਨੇ ਮੋਦੀ ਸਰਕਾਰ ਦੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਨਾਹਰੇ ਦਾ ਖੋਖਲਾਪਣ ਜੱਗ-ਜ਼ਾਹਰ ਕਰ ਦਿੱਤਾ ਹੈ। ਜ਼ਿਲ੍ਹਾ ਸਕੱਤਰ ਸ਼ਸ਼ੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਇਸਤਰੀ ਸਭਾ ਜ਼ਿਲ੍ਹਾ ਫਰੀਦਕੋਟ ਵੱਲੋਂ ਜ਼ਿਲ੍ਹਾ ਮੁਕਤਸਰ ਦੇ ਸਹਿਯੋਗ ਨਾਲ ਸਥਾਨਕ ‘ਸ਼ਹੀਦ ਕਾਮਰੇਡ ਅਮੋਲਕ ਭਵਨ’ ਵਿਖੇ ਵਰਕਰ ਸਿਖਲਾਈ ਸਕੂਲ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਔਰਤਾਂ ਨੂੰ ਮੌਜੂਦਾ ਸਮੇਂ ਦਰਪੇਸ਼ ਚੁਣੌਤੀਆਂ ਦੇ ਨਾਲ-ਨਾਲ ਜਥੇਬੰਦੀ ਦੇ ਸੰਘਰਸ਼ਾਂ ਭਰੇ ਇਤਿਹਾਸ ਤੋਂ ਜਾਣੂੰ ਕਰਵਾਉਣਾ ਸੀ। ਸਮਾਗਮ ਨੂੰ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਵੇਂ ਅੱਜ ਦੀਆਂ ਔਰਤਾਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਆਪਣੀ ਕਾਮਯਾਬੀ ਦੇ ਝੰਡੇ ਗੱਡ ਚੁੱਕੀਆਂ ਹਨ, ਪਰ ਅਜੇ ਵੀ ਉਹ ਹਿੰਸਾ ਅਤੇ ਵਿਤਕਰੇ ਦਾ ਸ਼ਿਕਾਰ ਹਨ। ਸਮਾਗਮ ਨੂੰ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ, ਆਸ਼ਾ ਚੌਧਰੀ, ਪ੍ਰੇਮ ਲਤਾ ਮਲੋਟ ਨੇ ਵੀ ਸੰਬੋਧਨ ਕੀਤਾ। ਹਰਪ੍ਰੀਤ ਕੌਰ ਭਾਗਸਰ ਨੇ ਇਨਕਲਾਬੀ ਕਵਿਤਾ ਪੇਸ਼ ਕੀਤੀ।
ਇਸ ਮੌਕੇ ਸੰਤੋਸ਼ ਚਾਵਲਾ, ਸ਼ੀਲਾ ਮਨਚੰਦਾ, ਸੁਰਿੰਦਰ ਕੌਰ, ਸੁਖਜਿੰਦਰ ਕੌਰ ਥਾਂਦੇਵਾਲਾ, ਪੂਨਮ, ਰੁਪਿੰਦਰ ਕੌਰ ਔਲਖ਼ ਅਤੇ ਰਵਿੰਦਰ ਕੌਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸਰਬਸੰਮਤੀ ਨਾਲ ਦਿੱਲੀ ਵਿਖੇ 12 ਸਤੰਬਰ ਨੂੰ ਭਾਰਤੀ ਮਹਿਲਾ ਫੈਡਰੇਸ਼ਨ ਵੱਲੋਂ ਕੀਤੀ ਜਾ ਰਹੀ ਕਨਵੈਨਸ਼ਨ ਵਿੱਚ ਭਾਗ ਲੈਣ ਦਾ ਫੈਸਲਾ ਕੀਤਾ ਗਿਆ ।