ਨਵੀਂ ਦਿੱਲੀ : ਹਰਿਆਣਾ ਵਿਚ ਭਾਜਪਾ ਦੀ ਟਿਕਟ ਨਾ ਮਿਲਣ ਕਰਕੇ ਕਈ ਵੱਡੇ ਨਾਵਾਂ ਨੇ ਆਜ਼ਾਦ ਲੜਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਨਾਮੀ ਉਦਯੋਗਪਤੀ ਸਾਵਿਤਰੀ ਜਿੰਦਲ ਵੀ ਹੈ। ਜਿੰਦਲ ਨੂੰ ਹਿਸਾਰ ਸੀਟ ਤੋਂ ਟਿਕਟ ਦੀ ਉਮੀਦ ਸੀ, ਪਰ ਭਾਜਪਾ ਨੇ ਡਾਕਟਰ ਕਮਲ ਗੁਪਤਾ ਨੂੰ ਉਮੀਦਵਾਰ ਐਲਾਨ ਦਿੱਤਾ। ਸਾਵਿਤਰੀ ਨੇ ਇਸ ਸਾਲ ਮਾਰਚ ’ਚ ਆਪਣੇ ਬੇਟੇ ਨਵੀਨ ਜਿੰਦਲ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਨਵੀਨ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਅਤੇ ਹੁਣ ਕੁਰੂਕਸ਼ੇਤਰ ਸੀਟ ਤੋਂ ਸੰਸਦ ਮੈਂਬਰ ਹਨ। ਜਿੰਦਲ ਤੋਂ ਇਲਾਵਾ ਹਰਿਆਣਾ ਦੀ ਸਾਬਕਾ ਮੰਤਰੀ ਕਵਿਤਾ ਜੈਨ ਵੀ ਟਿਕਟ ਨਾ ਮਿਲਣ ’ਤੇ ਆਪਣੇ ਸਮਰਥਕਾਂ ਨਾਲ ਗੱਲਬਾਤ ਕਰਦੇ ਰੋ ਪਈ। ਜੈਨ ਨੇ ਐਲਾਨ ਕੀਤਾ ਕਿ ਉਹ 8 ਸਤੰਬਰ ਨੂੰ ਆਪਣੇ ਸਮਰਥਕਾਂ ਨਾਲ ਅਗਲੀ ਮੀਟਿੰਗ ਦੌਰਾਨ ਕੋਈ ਵੱਡਾ ਫੈਸਲਾ ਲਵੇਗੀ। ਸਮਰਥਕਾਂ ਨੇ ਭਾਜਪਾ ਨੂੰ ਜੈਨ ਦੀ ਟਿਕਟ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।
ਟਿਕਟ ਲਈ ਆਸਵੰਦ ਉਲੰਪਿਕ ਦਾ ਕਾਂਸੀ ਤਮਗਾ ਜੇਤੂ ਭਲਵਾਨ ਯੋਗੇਸ਼ਵਰ ਦੱਤ ਨੇ ਵੀ ਗੁੱਝੀ ਗੁਪਤ ਪੋਸਟ ’ਚ ਲਿਖਿਆ ਹੈਜਦੋਂ ਤੇਰਾ ਚਰਿੱਤਰ ਸ਼ੁੱਧ ਹੈ, ਤਾਂ ਤੂੰ ਇਸ ਹਾਲਤ ਵਿਚ ਕਿਉਂ ਹੈਂ? ਇਨ੍ਹਾਂ ਪਾਪੀਆਂ ਨੂੰ ਤੈਨੂੰ ਪਰਖਣ ਦਾ ਕੋਈ ਹੱਕ ਨਹੀਂ ਹੈ। ਤੂੰ ਆਪਣੀ ਖੋਜ ਕਰ ਲਵੀਂ। ਦੱਤ ਨੇ ਗੋਹਾਨਾ ਸੀਟ ਤੋਂ ਚੋਣ ਲੜਨ ਦੀ ਇੱਛਾ ਵੀ ਜ਼ਾਹਰ ਕੀਤੀ ਸੀ। ਪਿਛਲੇ ਹਫਤੇ ਮੀਡੀਆ ਨਾਲ ਗੱਲ ਕਰਦਿਆਂ ਉਸ ਨੇ ਕਿਹਾ ਸੀਮੈਂ ਮੁੱਖ ਮੰਤਰੀ ਅਤੇ ਕੇਂਦਰੀ ਲੀਡਰਸ਼ਿਪ ਕੋਲ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ। ਮੈਂ ਇੱਕ ਖਿਡਾਰੀ ਹਾਂ ਅਤੇ ਇੱਕ ਉਲੰਪਿਕ ਤਮਗਾ ਜੇਤੂ ਵੀ ਹਾਂ। ਮੈਂ ਪਹਿਲਾਂ ਵੀ ਭਾਜਪਾ ਤੋਂ ਚੋਣ ਲੜ ਚੁੱਕਾ ਹਾਂ, ਇਸ ਲਈ ਮੈਂ ਚਾਹੁੰਦਾ ਹਾਂ ਕਿ ਇੱਕ ਮੌਕਾ ਹੋਰ ਮਿਲੇ।
ਇੱਕ ਹੋਰ ਸੀਨੀਅਰ ਆਗੂ ਰਣਜੀਤ ਸਿੰਘ ਚੌਟਾਲਾ, ਜੋ ਕਿ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਭਰਾ ਹਨ, ਨੇ ਭਾਜਪਾ ਵੱਲੋਂ ਚੋਣ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਐਲਾਨ ਕੀਤਾ ਕਿ ਉਹ ਰਾਣੀਆ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਚੌਟਾਲਾ ਨੇ ਹਾਲਾਂਕਿ ਕਿਹਾ ਕਿ ਭਾਜਪਾ ਨੇ ਡੱਬਵਾਲੀ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾ ਠੁਕਰਾ ਦਿੱਤੀ। ਚੌਟਾਲਾ ਨੇ ਕਿਹਾ ਕਿ ਭਾਵੇਂ ਉਹ ਕਿਸੇ ਹੋਰ ਪਾਰਟੀ ਤੋਂ ਚੋਣ ਲੜਨ ਜਾਂ ਆਜ਼ਾਦ ਉਮੀਦਵਾਰ ਵਜੋਂ, ਉਹ ਰਾਣੀਆ ਤੋਂ ਹੀ ਚੋਣ ਲੜਨਗੇ।
ਗੁਰੂਗ੍ਰਾਮ ਜ਼ਿਲ੍ਹੇ ’ਚ ਭਾਜਪਾ ਵਪਾਰ ਸੈੱਲ ਦੇ ਸੂਬਾ ਕਨਵੀਨਰ ਨਵੀਨ ਗੋਇਲ ਅਤੇ ਉਨ੍ਹਾ ਦੇ ਵੱਡੇ ਭਰਾ ਤੇ ਭਾਜਪਾ ਐੱਨ ਜੀ ਓ ਸੈੱਲ ਦੇ ਸੂਬਾ ਸਹਿ-ਕਨਵੀਨਰ ਡੀ ਪੀ ਗੋਇਲ ਨੇ ਆਪਣੇ ਸਮਰਥਕਾਂ ਸਮੇਤ ਪਾਰਟੀ ਤੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਨਵੀਨ ਨੇ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ।