ਮੁੱਖ ਮੰਤਰੀ ਦੇ ਅਸਤੀਫੇ ਦੇ ਚਰਚੇ
ਇੰਫਾਲ : ਕੁੱਕੀ ਤੇ ਮੈਤੀ ਭਾਈਚਾਰਿਆਂ ਵਿਚਾਲੇ ਤਾਜ਼ਾ ਲੜਾਈ ’ਚ 6 ਹੋਰ ਵਿਅਕਤੀ ਮਾਰੇ ਗਏ। ਇਕ ਕੋਰਟ ਵੱਲੋਂ ਕੁੱਕੀ ਲੋਕਾਂ ਨੂੰ ਨੌਕਰੀਆਂ ਤੇ ਸਿੱਖਿਆ ਵਿਚ ਮਿਲ ਰਹੀ ਰਿਜ਼ਰਵੇਸ਼ਨ ਦਾ ਦਾਇਰਾ ਮੈਤੀ ਭਾਈਚਾਰੇ ਤਕ ਵਧਾਉਣ ਲਈ ਸਰਕਾਰ ਨੂੰ ਦਿੱਤੇ ਹੁਕਮ ਤੋਂ ਬਾਅਦ ਪਿਛਲੇ ਸਾਲ ਤੋਂ ਹੀ ਦੋਨੋਂ ਭਾਈਚਾਰੇ ਲੜ ਰਹੇ ਹਨ। ਹੁਣ ਤਕ 230 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਤੇ 67 ਹਜ਼ਾਰ ਉੱਜੜ ਚੁੱਕੇ ਹਨ।
ਸਥਿਤੀ ਹੋਰ ਤਨਾਅਪੂਰਨ ਹੋਣ ਕਰਕੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਐਤਵਾਰ ਕੁਲੀਸ਼ਨ ਸਰਕਾਰ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਤੇ ਫਿਰ ਰਾਜਪਾਲ ਲਕਸ਼ਮਣ ਆਚਾਰੀਆ ਨੂੰ ਅਮਨ-ਕਾਨੂੰਨ ਦੀ ਸਥਿਤੀ ਤੋਂ ਜਾਣੂੰ ਕਰਾਇਆ। ਮੁੱਖ ਮੰਤਰੀ ਦੀ ਰਾਜਪਾਲ ਨਾਲ 16 ਘੰਟਿਆਂ ਵਿਚ ਇਹ ਦੂਜੀ ਮੁਲਾਕਾਤ ਸੀ। ਉਨ੍ਹਾ ਦੇ ਅਸਤੀਫਾ ਦੇਣ ਦੀ ਵੀ ਚਰਚਾ ਚੱਲ ਰਹੀ ਹੈ।
ਸ਼ੁੱਕਰਵਾਰ ਹਿੰਸਾ ਤੇਜ਼ ਹੋ ਗਈ ਸੀ ਜਦੋਂ ਸ਼ੱਕੀ ਖਾੜਕੂਆਂ ਨੇ ਲੰਮੀ ਦੂਰੀ ਤਕ ਮਾਰ ਕਰਨ ਵਾਲੇ ਰਾਕਟ ਦਾਗ ਕੇ ਬਿਸ਼ਨਪੁਰ ਜ਼ਿਲ੍ਹੇ ਦੇ ਮੋਈਰੰਗ ਵਿਚ ਇਕ ਪੁਜਾਰੀ ਨੂੰ ਮਾਰ ਦਿੱਤਾ ਤੇ ਪੰਜ ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਸ਼ਨੀਵਾਰ ਸਵੇਰੇ ਜੀਰੀਬਾਮ ਦੇ ਪਿੰਡ ਨੰਗਚੱਪੀ ਵਿਚ 63 ਸਾਲ ਦੇ ਸੁੱਤੇ ਪਏ ਬਜ਼ੁਰਗ ਨੂੰ ਕਤਲ ਕਰ ਦਿੱਤਾ। ਇਸਤੋਂ ਬਾਅਦ ਰਸੀਦਪੁਰ ਪਿੰਡ ’ਚ ਝੜਪਾਂ ਵਿਚ 41 ਸਾਲਾ ਵਿਅਕਤੀ ਮਾਰਿਆ ਗਿਆ। ਜੀਰੀਬਾਮ ਵਿਚ ਮੈਤੀ ਤੇ ਹਮਾਰ ਦੇ ਆਗੂਆਂ ਵਿਚਾਲੇ ਹਾਲ ਹੀ ’ਚ ਅਮਨ ਵਾਰਤਾ ਹੋਈ ਸੀ। ਇਸ ਵਿਚ ਅਮਨ ਲਈ ਕੰਮ ਕਰਨ ’ਤੇ ਸਹਿਮਤੀ ਬਣੀ ਸੀ।