7.2 C
Jalandhar
Wednesday, January 15, 2025
spot_img

ਜੁਗਲਬੰਦੀ!

ਕੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਦੇ ਚੀਫ ਜਸਟਿਸ ਵਿਚਾਲੇ ਸੱਚਮੁੱਚ ਕੋਈ ਜੁਗਲਬੰਦੀ ਹੈ? ਇਹ ਸਵਾਲ ਅਚਾਨਕ ਉਦੋਂ ਉੱਭਰਿਆ, ਜਦੋਂ ਬੁੱਧਵਾਰ ਪ੍ਰਧਾਨ ਮੰਤਰੀ ਚੀਫ ਜਸਟਿਸ ਦੇ ਘਰ ਗੌਰੀ-ਗਣੇਸ਼ ਦੀ ਪੂਜਾ ਕਰਨ ਪੁੱਜੇ | ਓਪਰੀ ਤੌਰ ‘ਤੇ ਇਹ ਆਮ ਘਟਨਾ ਲੱਗ ਸਕਦੀ ਹੈ, ਪਰ ਇਸ ਦੇ ਅੰਦਰ ਬਹੁਪਰਤੀ ਖਤਰੇ ਲੁਕੇ ਹੋਏ ਹਨ | ਇਸ ‘ਤੇ ਮੀਡੀਆ, ਖਾਸਕਰ ਸੋਸ਼ਲ ਮੀਡੀਆ ‘ਤੇ ਕਾਫੀ ਘਮਸਾਨ ਛਿੜ ਗਿਆ ਹੈ | ਹੁਕਮਰਾਨ ਭਾਜਪਾ ਅਤੇ ਕੁਝ ਪਾਰਟੀਆਂ—ਮਸਲਨ ਕਾਂਗਰਸ ਤੇ ਸ਼ਿਵ ਸੈਨਾ ਵਿਚਾਲੇ ਜ਼ੁਬਾਨੀ ਜੰਗ ਛਿੜ ਗਈ ਹੈ | ਆਪੋਜ਼ੀਸ਼ਨ ਪਾਰਟੀਆਂ ਨੇ ਦੋਸ਼ ਲਾਇਆ ਹੈ ਕਿ ਇਸ ਵਿਚ ਸੰਵਿਧਾਨਕ ਮਰਿਆਦਾਵਾਂ ਦੀ ਲਛਮਣ ਰੇਖਾ ਉਲੰਘੀ ਗਈ ਹੈ | ਨਿਆਂ ਪਾਲਿਕਾ ਤੇ ਕਾਰਜ ਪਾਲਿਕਾ ਦੇ ਮੁਖੀਆਂ ਦੇ ਨਿੱਜੀ ਛਿਣਾਂ ਦਾ ਅਜਿਹਾ ਸਰਵਜਨਕ ਪ੍ਰਦਰਸ਼ਨ ਕਈ ਤਰ੍ਹਾਂ ਦੇ ਸ਼ੱਕ ਤੇ ਖਤਰਿਆਂ ਨੂੰ ਜਨਮ ਦੇ ਰਿਹਾ ਹੈ | ਸ਼ਿਵ ਸੈਨਾ (ਯੂ ਬੀ ਟੀ) ਦੇ ਸਾਂਸਦ ਸੰਜੇ ਰਾਊਤ ਨੇ ਸਵਾਲ ਉਠਾਇਆ ਹੈ ਕਿ ਪ੍ਰਧਾਨ ਮੰਤਰੀ ਦਾ ਚੀਫ ਜਸਟਿਸ ਦੇ ਘਰ ਅਚਾਨਕ ਪੁੱਜਣ ਦਾ ਇਕ ਹੀ ਮਤਲਬ ਹੈ ਕਿ ਪ੍ਰਧਾਨ ਮੰਤਰੀ ਸਿਖਰਲੀਆਂ ਅਦਾਲਤਾਂ ‘ਚ ਚੱਲ ਰਹੇ ਕੁਝ ਮਾਮਲਿਆਂ ‘ਚ ਆਪਣੇ ਲਈ ਦਬਾਅ ਬਣਾਉਣਾ ਚਾਹੁੰਦੇ ਹਨ | ਕੁਝ ਮੁਕੱਦਮਿਆਂ ਵਿਚ ਪ੍ਰਧਾਨ ਮੰਤਰੀ ਖੁਦ ਧਿਰ ਹਨ | ਅਜਿਹੇ ਵਿਚ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਚੀਫ ਜਸਟਿਸ ਡੀ ਵਾਈ ਚੰਦਰਚੂੜ ਨਿਰਪੱਖ ਰਹਿ ਪਾਉਣਗੇ | ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਰਾਊਤ ਵਰਗੇ ਆਗੂ ਹਿੰਦੂ ਭਾਵਨਾਵਾਂ ਤੇ ਹਿੰਦੂ ਉਤਸਵਾਂ ‘ਤੇ ਹਮਲਾ ਕਰ ਰਹੇ ਹਨ | ਭਾਜਪਾ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਜਦ ਵੇਲੇ ਦੇ ਚੀਫ ਜਸਟਿਸ ਬਾਲਾਕ੍ਰਿਸ਼ਨਨ ਵੇਲੇ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਇਫਤਾਰ ਪਾਰਟੀ ਵਿਚ ਸ਼ਾਮਲ ਹੋਏ ਸਨ, ਉਦੋਂ ਕਿਸੇ ਨੇ ਇਤਰਾਜ਼ ਨਹੀਂ ਸੀ ਕੀਤਾ |
ਪਰ ਇੱਥੇ ਆਪੋਜ਼ੀਸ਼ਨ ਤੇ ਹੁਕਮਰਾਨਾਂ ਦੇ ਬਿਆਨਾਂ ਨੂੰ ਥੋੜ੍ਹੀ ਦੇਰ ਲਈ ਲਾਂਭੇ ਕਰਕੇ ਇਹ ਜਾਣਨਾ ਜ਼ਰੂਰੀ ਹੈ ਕਿ ਅਸਲ ਵਿਚ ਮਾਜਰਾ ਕੀ ਹੈ? ਕਿਹੜੀ ਡੋਰ ਹੈ ਜਿਹੜੀ ਨਿਆਂ ਪਾਲਿਕਾ ਤੇ ਕਾਰਜ ਪਾਲਿਕਾ ਦੇ ਮੁਖੀਆਂ ਨੂੰ ਜੋੜਦੀ ਹੈ, ਜਿਸ ਤੋਂ ਸ਼ਕਤੀ ਲੈ ਕੇ ਪ੍ਰਧਾਨ ਮੰਤਰੀ ਚੀਫ ਜਸਟਿਸ ਨਾਲ ਪੂਜਾ-ਪਾਠ ਕਰਨ ਲਈ ਖੁਦ ਨੂੰ ਹੱਕਦਾਰ ਸਮਝੇ ਹੋਣਗੇ | ਜਨਵਰੀ ਵਿਚ ਜਸਟਿਸ ਚੰਦਰਚੂੜ ਨੇ ਆਪਣੀ ਪਤਨੀ ਨਾਲ ਗੁਜਰਾਤ ਦੇ ਕੁਝ ਮੰਦਰਾਂ ਦੀ ਤੀਰਥ ਯਾਤਰਾ ਕੀਤੀ ਸੀ | ਇਨ੍ਹਾਂ ਵਿਚ ਸੋਮਨਾਥ ਮੰਦਰ ਤੇ ਦਵਾਰਕਾਧੀਸ਼ ਮੰਦਰ ਵੀ ਸਨ | ਚੀਫ ਜਸਟਿਸ ਨੇ ਭਗਵਾਂ ਭੇਸ ਧਾਰਨ ਕਰ ਰੱਖਿਆ ਸੀ ਤੇ ਉਨ੍ਹਾਂ ਦੀ ਪੂਜਾ ਦੀਆਂ ਤਸਵੀਰਾਂ ਉਤਾਰੀਆਂ ਗਈਆਂ ਸਨ, ਜਿਨ੍ਹਾਂ ਨੂੰ ਮੀਡੀਆ ਵਿਚ ਪ੍ਰਚਾਰਤ ਕੀਤਾ ਗਿਆ ਸੀ | ਇਹ ਤੀਰਥ ਯਾਤਰਾ ਅਯੁੱਧਿਆ ਵਿਚ ਰਾਮ ਮੰਦਰ ਦੇ ਉਦਘਾਟਨ ਤੋਂ ਦਸ-ਬਾਰਾਂ ਦਿਨ ਪਹਿਲਾਂ ਕੀਤੀ ਗਈ ਸੀ | ਉਦੋਂ ਵੀ ਇਤਿਹਾਸਕਾਰ ਰਾਮ ਚੰਦਰ ਗੁਹਾ ਅਤੇ ਕਈ ਪ੍ਰਗਤੀਸ਼ੀਲ ਤੇ ਲਿਬਰਲ ਵਿਦਵਾਨਾਂ ਨੇ ਕਿਹਾ ਸੀ ਕਿ ਚੀਫ ਜਸਟਿਸ ਵੱਲੋਂ ਆਪਣੇ ਮੰਦਰ ਦੌਰੇ ਨੂੰ ਸਰਵਜਨਕ ਕਰਨ ਦਾ ਤਰੀਕਾ ਪ੍ਰੇਸ਼ਾਨ ਕਰਨ ਵਾਲਾ ਹੈ | ਚੀਫ ਜਸਟਿਸ ਜੁਲਾਈ ਦੇ ਪਹਿਲੇ ਹਫਤੇ ਅਯੁੱਧਿਆ ਵਿਚ ਰਾਮ ਮੰਦਰ ਦੇ ਦਰਸ਼ਨ ਕਰਨ ਵੀ ਗਏ ਸਨ | ਇਸ ਦਾ ਵੀ ਸਰਵਜਨਕ ਪ੍ਰਚਾਰ-ਪ੍ਰਸਾਰ ਹੋਇਆ | ਪ੍ਰਧਾਨ ਮੰਤਰੀ ਆਪਣੇ ਧਾਰਮਕ ਤੇ ਸੱਭਿਆਚਾਰਕ ਪ੍ਰੋਗਰਾਮ ਕੈਮਰਿਆਂ ਦੀ ਰੌਸ਼ਨੀ ਵਿਚ ਕਰਾਉਂਦੇ ਹਨ | ਸਿਆਸਤਦਾਨ ਦੇ ਤੌਰ ‘ਤੇ ਸੁਭਾਵਕ ਹੀ ਉਹ ਲਾਹਾ ਲੈਣਾ ਚਾਹੁੰਦੇ ਹਨ, ਪਰ ਚੀਫ ਜਸਟਿਸ ਦੇ ਨਿੱਜੀ ਪ੍ਰੋਗਰਾਮਾਂ ਨੂੰ ਕੈਮਰਿਆਂ ਵਿਚ ਉਤਾਰਨ ਦੀ ਪ੍ਰਕਿਰਿਆ ਹੈਰਾਨ ਕਰਨ ਵਾਲੀ ਹੈ |
ਜੇ ਭਾਰਤ ਵਰਗੇ ਮਹਾਂਦੇਸ਼ ਦੇ ਦੋ ਪ੍ਰਮੁੱਖ ਅੰਗਾਂ—ਨਿਆਂ ਪਾਲਿਕਾ ਤੇ ਕਾਰਜ ਪਾਲਿਕਾ ਦੇ ਮੁਖੀਆਂ ਦੇ ਇੱਕ ਕਮਰੇ ਵਿਚ ਇਕੱਠੇ ਆਰਤੀ-ਪੂਜਾ ਕਰਨ ਦੇ ਕੁਝ ਵੱਖਰੇ ਅਰਥ ਤਲਾਸ਼ੇ ਜਾ ਰਹੇ ਹਨ ਤਾਂ ਇਸ ਵਿਚ ਹੈਰਾਨੀ ਵਾਲੀ ਗੱਲ ਨਹੀਂ ਹੈ | ਹੈਰਾਨੀ ਤਾਂ ਹੋਵੇਗੀ ਜੇ ਇਸ ਨੂੰ ਅਣਦੇਖਾ ਕੀਤਾ ਗਿਆ | ਦੋਨਾਂ ਮੁਖੀਆਂ ਦੇ ਆਚਰਣ ਦੀ ਮਰਿਆਦਾ ਤੇ ਪਵਿੱਤਰਤਾ ਕਾਇਮ ਰਹਿਣੀ ਚਾਹੀਦੀ ਹੈ | ਇਸ ਤੋਂ ਘੱਟ ਕੁਝ ਵੀ ਦੇਸ਼ ਨੂੰ ਮਨਜ਼ੂਰ ਨਹੀਂ ਹੋਣਾ ਚਾਹੀਦਾ |

Related Articles

LEAVE A REPLY

Please enter your comment!
Please enter your name here

Latest Articles