ਪੁਲਸ ਨਾਲ ਕਰਾਸ ਫਾਇਰਿੰਗ ਦੌਰਾਨ ਦੋ ਲੁਟੇਰੇ ਜ਼ਖ਼ਮੀ

0
147

ਜਲੰਧਰ (ਸ਼ੈਲੀ ਐਲਬਰਟ,
ਇਕਬਾਲ ਸਿੰਘ ਉੱਭੀ)
ਜਲੰਧਰ ਕਮਿਸ਼ਨਰੇਟ ਪੁਲਸ ਨੇ ਕਰਾਸ ਫਾਇਰਿੰਗ ਦੌਰਾਨ ਜ਼ਖਮੀ ਕਰਕੇ ਦੋ ਲੁਟੇਰਿਆਂ ਨੂੰ ਭਾਰੀ ਮਾਤਰਾ ਵਿਚ ਹਥਿਆਰਾਂ ਸਮੇਤ ਕਾਬੂ ਕੀਤਾ।ਜਾਂਚ ਤੋਂ ਬਾਅਦ ਉਨ੍ਹਾਂ ਦੇ ਤਿੰਨ ਹੋਰ ਸਾਥੀਆਂ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ।
ਕਮਿਸ਼ਨਰ ਪੁਲਸ ਸਵਪਨ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਾਸੀ ਸ਼ੰਕਰ ਨੇ ਦੱਸਿਆ ਸੀ ਕਿ ਪਿਸਤੌਲ ਨਾਲ ਲੈਸ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਲੁੱਟ ਲਿਆ ਅਤੇ ਹਵਾ ਵਿੱਚ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ 12 ਸਤੰਬਰ ਨੂੰ ਕੇਸ ਦਰਜ ਕੀਤਾ ਗਿਆ ਸੀ। ਲੈਦਰ ਕੰਪਲੈਕਸ ਵਰਿਆਣਾ ਮੋੜ ਵਿਖੇ ਤਲਾਸ਼ੀ ਦੌਰਾਨ ਪੁਲਸ ਨੇ ਪੀੜਤ ਵੱਲੋਂ ਦਿੱਤੇ ਬਿਆਨਾਂ ਨਾਲ ਮੇਲ ਖਾਂਦੇ ਦੋ ਵਿਅਕਤੀਆਂ ਨੂੰ ਦੇਖਿਆ।
ਜਦੋਂ ਪੁਲਸ ਪਾਰਟੀ ਉਨ੍ਹਾਂ ਦੇ ਨੇੜੇ ਪਹੁੰਚੀ ਤਾਂ ਸ਼ੱਕੀ ਵਿਅਕਤੀਆਂ ਨੇ ਗੋਲੀਬਾਰੀ ਕਰ ਦਿੱਤੀ, ਇਕ ਗੋਲੀ ਪੁਲਸ ਦੀ ਗੱਡੀ ਦੀ ਵਿੰਡਸ਼ੀਲਡ ਵਿੱਚੋਂ ਅਧਿਕਾਰੀ ਦੀ ਬੁਲੇਟਪਰੂਫ ਜੈਕੇਟ ਵਿਚ ਵੱਜੀ, ਜਦਕਿ ਦੂਜੀ ਗੋਲੀ ਕਾਰ ਦੀ ਹੈੱਡਲਾਈਟ ’ਚ ਵੱਜੀ। ਸ਼ੱਕੀ ਫਿਰ ਹਨੇਰੇ ਦੀ ਆੜ ਹੇਠ ਨੇੜਲੇ ਖਾਲੀ ਪਲਾਟ ਵਿੱਚ ਫਰਾਰ ਹੋ ਗਏ ਅਤੇ ਪੁਲਸ ਦੀਆਂ ਚੇਤਾਵਨੀਆਂ ਦੇ ਬਾਵਜੂਦ ਉਨ੍ਹਾਂ ਨੇ ਲਗਾਤਾਰ ਗੋਲੀਬਾਰੀ ਕੀਤੀ। ਕਰਾਸ ਫਾਇਰ ਦੌਰਾਨ ਦੋਵੇਂ ਸ਼ੱਕੀ ਜ਼ਖਮੀ ਹੋ ਗਏ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਧਰੁਵ ਪਾਸੋਂ ਇੱਕ 32 ਬੋਰ ਦਾ ਪਿਸਤੌਲ, ਇੱਕ ਕਾਰਤੂਸ ਅਤੇ ਇੱਕ ਖਾਲੀ ਖੋਲ ਅਤੇ ਪਵਨ ਕੋਲੋਂ ਇੱਕ .315 ਬੋਰ ਦਾ ਦੇਸੀ ਕੱਟਾ, ਇੱਕ ਕਾਰਤੂਸ, ਇੱਕ ਖਾਲੀ ਖੋਲ, ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਕ ਹੋਰ ਮਾਮਲੇ ’ਚ ਗੁਰਮੋਹਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 9 ਸਤੰਬਰ ਨੂੰ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੂੰ ਧਮਕੀਆਂ ਦੇਣ ਦੇ ਦੋਸ਼ ’ਚ ਥਾਣਾ ਡਵੀਜ਼ਨ 4 ਜਲੰਧਰ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਪਵਨ ਉਰਫ ਕਰਨ ਅਤੇ ਧਰੁਵ, ਕੈਨੇਡਾ ਦੇ ਰਹਿਣ ਵਾਲੇ ਗੋਪਾ ਦੇ ਕਹਿਣ ’ਤੇ ਕੰਮ ਕਰਦੇ ਸਨ ਅਤੇ ਗੁਰਮੋਹਰ ਸਿੰਘ ਦੇ ਘਰ ’ਤੇ ਨਿਗਰਾਨੀ ਰੱਖੀ ਹੋਈ ਸੀ। ਗੋਪਾ ਦੇ ਨਿਰਦੇਸ਼ਾਂ ’ਤੇ ਜਤਿੰਦਰ ਉਰਫ ਭੋਲੂ ਨੇ .32 ਬੋਰ ਦੇ 10 ਰੌਂਦ ਅਤੇ ਸੁਰਿੰਦਰ ਪਾਲ ਸਿੰਘ ਉਰਫ ਸ਼ਿੰਦੀ ਅਤੇ ਸਤਬੀਰ ਉਰਫ ਸਾਬੀ ਨੇ 315 ਬੋਰ ਦਾ ਦੇਸੀ ਕੱਟਾ ਅਤੇ ਦੋ ਰੌਂਦ ਸਪਲਾਈ ਕੀਤੇ। 9 ਸਤੰਬਰ, 2024 ਨੂੰ ਧਰੁਵ ਅਤੇ ਪਵਨ ਨੇ ਗੁਰਮੋਹਰ ਸਿੰਘ ਦੇ ਘਰ ’ਤੇ ਗੋਲੀਆਂ ਚਲਾਈਆਂ, ਇਸ ਕਾਰਵਾਈ ਦੀ ਵੀਡੀਓ ਬਣਾ ਕੇ ਗੋਪਾ ਨੂੰ ਭੇਜੀ, ਜਿਸ ਲਈ ਉਨ੍ਹਾਂ ਨੂੰ 25,000 ਰੁਪਏ ਮਿਲੇ, ਜਿਸ ਤੋਂ ਬਾਅਦ ਗੋਪਾ ਦੁਆਰਾ 25,000 ਰੁਪਏ ਹੋਰ ਭੇਜੇ ਜਾਣਗੇ।ਪੁਲਸ ਨੇ ਸੁਰਿੰਦਰਪਾਲ ਸਿੰਘ, ਸਤਬੀਰ ਸਿੰਘ, ਜਤਿੰਦਰ ਸਿੰਘ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਕੋਲੋਂ ਇਕ .32 ਬੋਰ ਦਾ ਪਿਸਤੌਲ ਅਤੇ 10 ਕਾਰਤੂਸ ਬਰਾਮਦ ਕੀਤੇ। ਚਾਰ ਹੋਰ ਮੁਲਜ਼ਮ ਵੀ ਸ਼ਾਮਲ ਹਨ। ਇਹ ਹਨ-ਗੁਰਪਾਲ ਸਿੰਘ ਉਰਫ ਗੋਪਾ ਵਾਸੀ ਪਿੰਡ ਫਲਿਆਲੀ ਜਲੰਧਰ ਹੁਣ ਕੈਨੇਡਾ, ਦਮਨਪ੍ਰੀਤ ਸਿੰਘ ਵਾਸੀ ਪਿੰਡ ਕਬੂਲਪੁਰ ਜਲੰਧਰ, ਪਰਮਵੀਰ ਉਰਫ਼ ਪੰਮ ਵਾਸੀ ਮੁਬਾਰਕਪੁਰ ਸ਼ੇਖਾਂ ਜਲੰਧਰ ਅਤੇ ਸ਼ੁਬਮ ਵਾਸੀ ਪਿੰਡ ਫਿਆਲੀ ਜਲੰਧਰ।

LEAVE A REPLY

Please enter your comment!
Please enter your name here