ਚੰਡੀਗੜ੍ਹ : ਭਾਜਪਾ ਦੇ ਸੀਨੀਅਰ ਆਗੂ ਅਤੇ ਹਰਿਆਣਾ ਦੇ ਸਾਬਕਾ ਮੰਤਰੀ ਅਨਿਲ ਵਿੱਜ ਨੇ ਐਤਵਾਰ ਕਿਹਾ ਕਿ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇ ਪਾਰਟੀ ਸੱਤਾ ’ਚ ਪਰਤੀ ਤਾਂ ਉਹ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵਾ ਪੇਸ਼ ਕਰਨਗੇ। ਛੇ ਵਾਰ ਦੇ ਵਿਧਾਇਕ ਵਿੱਜ ਦੀ ਇਸ ਟਿੱਪਣੀ ਤੋਂ ਪਹਿਲਾਂ ਹੀ ਭਾਜਪਾ ਸਪੱਸ਼ਟ ਕਰ ਚੁੱਕੀ ਹੈ ਕਿ ਜੇ ਉਹ ਸੱਤਾ ’ਚ ਪਰਤਦੀ ਹੈ ਤਾਂ ਨਾਇਬ ਸਿੰਘ ਸੈਣੀ ਹੀ ਮੁੱਖ ਮੰਤਰੀ ਰਹਿਣਗੇ। ਵਿੱਜ ਨੇ ਕਿਹਾਮੈਂ ਅੱਜ ਤੱਕ ਪਾਰਟੀ ਤੋਂ ਕਦੇ ਕੁਝ ਨਹੀਂ ਮੰਗਿਆ। ਹਰਿਆਣਾ ਦੇ ਲੋਕ ਮੈਨੂੰ ਮਿਲਣ ਲਈ ਆ ਰਹੇ ਹਨ। ਇੱਥੋਂ ਤੱਕ ਕਿ ਅੰਬਾਲਾ ’ਚ ਵੀ ਲੋਕ ਮੈਨੂੰ ਕਹਿੰਦੇ ਹਨ ਕਿ ਮੈਂ ਸਭ ਤੋਂ ਸੀਨੀਅਰ ਹਾਂ, ਪਰ ਮੈਂ ਮੁੱਖ ਮੰਤਰੀ ਨਹੀਂ ਬਣਿਆ। ਲੋਕਾਂ ਦੀ ਮੰਗ ਅਤੇ ਸੀਨੀਆਰਤਾ ਦੇ ਆਧਾਰ ’ਤੇ ਇਸ ਵਾਰ ਮੈਂ ਮੁੱਖ ਮੰਤਰੀ ਬਣਨ ਦਾ ਦਾਅਵਾ ਪੇਸ਼ ਕਰਾਂਗਾ।
ਅੰਬਾਲਾ ਕੈਂਟ ਤੋਂ ਵਿਧਾਇਕ ਵਿੱਜ ਨੇ ਕਿਹਾਪਾਰਟੀ ਮੈਨੂੰ ਮੁੱਖ ਮੰਤਰੀ ਬਣਾਉਂਦੀ ਹੈ ਜਾਂ ਨਹੀਂ, ਇਹ ਉਸ ’ਤੇ ਨਿਰਭਰ ਕਰਦਾ ਹੈ, ਪਰ ਜੇ ਉਹ ਮੈਨੂੰ ਮੁੱਖ ਮੰਤਰੀ ਬਣਾਉਂਦੀ ਹੈ ਤਾਂ ਮੈਂ ਹਰਿਆਣਾ ਦੀ ਤਕਦੀਰ ਅਤੇ ਤਸਵੀਰ ਬਦਲ ਦੇਵਾਂਗਾ।





