ਲੁਧਿਆਣਾ : ਮੌਨਸੂਨ ਦੀ ਰਫਤਾਰ ਫਿਰ ਮੱਠੀ ਹੋ ਗਈ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ 21 ਸਤੰਬਰ ਤੱਕ ਬੱਦਲ ਛਾਏ ਰਹਿਣਗੇ, ਗਰਜ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਖਾਸ ਤੌਰ ’ਤੇ ਹਿਮਾਚਲ ਤੇ ਹਰਿਆਣਾ ਨਾਲ ਲੱਗਦੇ ਜ਼ਿਲਿਆਂ ’ਚ ਮੀਂਹ ਪੈ ਸਕਦਾ ਹੈ। ਹਾਲਾਂਕਿ ਮੀਂਹ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਵਿਭਾਗ ਮੁਤਾਬਕ ਉੱਤਰੀ ਭਾਰਤ ਦੇ ਜ਼ਿਆਦਾਤਰ ਰਾਜਾਂ ’ਚ ਹੁਣ ਮੌਨਸੂਨ ਦਾ ਪ੍ਰਭਾਵ ਘੱਟ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜਪੁਰਾ ਅਤੇ ਨਾਲ ਲੱਗਦੇ ਇਲਾਕਿਆਂ ’ਚ ਹਲਕੀ ਬਾਰਿਸ਼ ਹੋਈ। ਸੂਬੇ ਦੇ ਵੱਖ-ਵੱਖ ਭਾਗਾਂ ’ਚ ਤਾਪਮਾਨ ਸਾਧਾਰਣ ਨਾਲੋਂ ਵੱਧ ਚੱਲ ਰਿਹਾ ਹੈ। ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਕੀਤੀ ਗਈ ਤਾਪਮਾਨ ਦੀ ਰੋਜ਼ਾਨਾ ਰਿਪੋਰਟ ਅਨੁਸਾਰ ਸਭ ਤੋਂ ਵੱਧ ਤਾਪਮਾਨ ਫਰੀਦਕੋਟ ’ਚ 37.4 ਡਿਗਰੀ ਸੈਲਸ਼ੀਅਸ ਰਿਹਾ। ਪਠਾਨਕੋਟ ਅਤੇ ਚੰਡੀਗੜ੍ਹ 33.9, ਅੰਮਿ੍ਰਤਸਰ 34.3, ਲੁਧਿਆਣੇ 35.0, ਪਟਿਆਲੇ 34.7, ਬਠਿੰਡੇ 36.4, ਗੁਰਦਾਸਪੁਰ 33.0, ਮੁਹਾਲੀ 33.7, ਫਤਿਹਗੜ੍ਹ ਸਾਹਿਬ 33.8, ਜਲੰਧਰ 33.2 ਅਤੇ ਮੋਗਾ 34.4 ਡਿਗਰੀ ਰਿਹਾ।




