24.2 C
Jalandhar
Thursday, September 19, 2024
spot_img

ਮਾਲਵਿੰਦਰ ਮਾਲੀ ਨੂੰ ਤੁਰੰਤ ਰਿਹਾਅ ਕਰੋ : ਸੀ ਪੀ ਆਈ

ਚੰਡੀਗੜ੍ਹ : ਪੰਜਾਬ ਸੀ ਪੀ ਆਈ ਨੇ ਮਾਲਵਿੰਦਰ ਸਿੰਘ ਮਾਲੀ ਨੂੰ ਮੁਹਾਲੀ ਪੁਲਸ ਵੱਲੋਂ ਗਿ੍ਰਫਤਾਰ ਕੀਤੇ ਜਾਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਮਾਲਵਿੰਦਰ ਸਿੰਘ ਮਾਲੀ ਇਕ ਆਜ਼ਾਦ ਰਾਜਨੀਤਕ ਵਿਸ਼ਲੇਸ਼ਕ ਹਨ ਤੇ ਉਹ ਲਗਾਤਾਰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕਰਕੇ ਸੰਵਿਧਾਨ ਦੁਆਰਾ ਪ੍ਰਦਾਨ ਕੀਤੇ ਹੋਏ ਆਪਣੇ ਬੋਲਣ ਦੇ ਅਧਿਕਾਰ ਦੀ ਵਰਤੋਂ ਕਰਦੇ ਰਹਿੰਦੇ ਹਨ, ਉਹਨਾ ਨੂੰ ਇਸ ਪ੍ਰਕਾਰ ਬਿਨਾਂ ਕਿਸੇ ਕਾਰਨ ਗਿ੍ਰਫਤਾਰ ਕਰਨਾ ਜਮਹੂਰੀਅਤ ਅਤੇ ਸੰਵਿਧਾਨਕ ਮੂਲ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਸਾਥੀ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਨਿਘਰ ਰਹੀ ਅਮਨ-ਕਾਨੂੰਨ ਦੀ ਹਾਲਤ ਵੱਲ ਧਿਆਨ ਦੇਣਾ ਚਾਹੀਦਾ ਹੈ।
ਮਾਲਵਿੰਦਰ ਸਿੰਘ ਮਾਲੀ ਨੂੰ ਇਨਫਰਮੇਸ਼ਨ ਟੈਕਨਾਲੋਜੀ ਦੀ ਵਿਸ਼ੇਸ਼ ਧਾਰਾ ਅਧੀਨ ਗਿ੍ਰਫਤਾਰ ਕੀਤਾ ਗਿਆ ਹੈ। ਉਹਨਾ ਕਿਹਾ ਕਿ ਪੰਜਾਬ ਸਰਕਾਰ ਨੂੰ ਮੋਦੀ ਦੀ ਫਿਰਕੂ ਅਤੇ ਤਾਨਾਸ਼ਾਹੀ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਸੰਵਿਧਾਨਕ ਅਧਿਕਾਰਾਂ ਦੀਆਂ ਧੱਜੀਆਂ ਉਡਾ ਕੇ ਜੇਲ੍ਹਾਂ ਵਿਚ ਬੰਦ ਕਰਨ ਦੀ ਨਕਲ ਨਹੀਂ ਕਰਨੀ ਚਾਹੀਦੀ। ਉਹਨਾ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਦੋਸ਼ ਲਾਉਂਦਿਆਂ ਆਖਿਆ ਕਿ ਇਹ ਬੜੀ ਅਜੀਬ ਗੱਲ ਹੈ ਕਿ ਜਦੋਂ ਮੋਦੀ ਸਰਕਾਰ ਨੇ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੂੰ ਜੇੇਲ੍ਹੀਂ ਡੱਕਿਆ ਸੀ ਤਾਂ ਇਹਨਾਂ ਕੇਂਦਰ ’ਤੇ ਜਮਹੂਰੀਅਤ ਨੂੰ ਕਤਲ ਕਰਨ ਦਾ ਇਲਜ਼ਾਮ ਲਾਇਆ ਸੀ, ਪਰ ਹੁਣ ਪੰਜਾਬ ਵਿਚ ਆਪ ਵੀ ਉਨ੍ਹਾਂ ਰਾਹਾਂ ਤੇ ਤੁਰ ਪਈ ਹੈ। ਸਾਥੀ ਬਰਾੜ ਨੇ ਆਸ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਵਿਰੋਧੀ ਧਿਰ ਦੇ ਆਗੂਆਂ ਜਾਂ ਆਜ਼ਾਦ ਸਿਆਸੀ ਅਲੋਚਕਾਂ ਵਿਰੁੱਧ ਸਰਕਾਰੀ ਦਮਨ ਦੀਆਂ ਨੀਤੀਆਂ ਬੰਦ ਕਰਕੇ ਪ੍ਰਾਂਤ ਦੀ ਹਰ ਪੱਖ ਤੋਂ ਵਿਗੜ ਰਹੀ ਹਾਲਤ ਨੂੰ ਸੁਧਾਰਨ ਵੱਲ ਤਵੱਜੋ ਦੇਵੇਗੀ।
ਪਟਿਆਲਾ, (ਰਾਜਿੰਦਰ ਸਿੰਘ ਥਿੰਦ) : ਥਾਣਾ ਆਈ ਟੀ ਸਿਟੀ ਮੁਹਾਲੀ ਵੱਲੋਂ ਪਟਿਆਲਾ ਤੋਂ ਗਿ੍ਰਫਤਾਰ ਕੀਤੇ ਮਾਲਵਿੰਦਰ ਸਿੰਘ ਮਾਲੀ ਨੂੰ ਮੰਗਲਵਾਰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ’ਤੇ ਪਟਿਆਲਾ ਜੇਲ੍ਹ ਵਿੱਚ 1 ਅਕਤੂਬਰ ਤੱਕ ਭੇਜ ਦਿੱਤਾ।
ਅਦਾਲਤ ਵਿੱਚ ਪੇਸ਼ ਕਰਨ ਮੌਕੇ ਮਾਲੀ ਨੇ ਮੀਡੀਆ ਨੂੰ ਕਿਹਾ ਕਿ ਉਸ ਨੇ ਕੋਈ ਵੀ ਧਾਰਮਕ ਟਿੱਪਣੀ ਨਹੀਂ ਕੀਤੀ। ਉਨ੍ਹਾ ਕਿਹਾ ਕਿ ਇਸ ਸੰਬੰਧੀ ਕੋਈ ਵੀਡੀਓ ਵੀ ਸਾਹਮਣੇ ਨਹੀਂ ਆਈ। ਉਨ੍ਹਾ ਕਿਹਾ ਕਿ ਉਹਨਾ ਤਾਂ ਸਗੋਂ ਇਹ ਕਿਹਾ ਸੀ ਕਿ ਕੋਈ ਬੰਦਾ ਭਲਾ ਦੇਵਤਾ ਕਿਵੇਂ ਬਣ ਸਕਦਾ ਹੈ। ਉਨ੍ਹਾ ਇਹ ਵੀ ਕਿਹਾ ਕਿ ਪੁਲਸ ਨੇ ਉਸ ਨਾਲ ਵਧੀਆ ਵਿਹਾਰ ਕੀਤਾ ਹੈ। ਪੁਲਸ ਨੇ ਐੱਫ ਆਈ ਆਰ ਨੰਬਰ 107 ਆਈ ਟੀ ਸਿਟੀ ਥਾਣਾ ਮੁਹਾਲੀ ’ਚ ਮਾਲੀ ਵਿਰੁੱਧ ਭਾਰਤੀ ਨਿਆਏ ਸੰਹਿਤਾ 2023 ਦੀ ਧਾਰਾ 299 ਅਧੀਨ ਪਰਚਾ ਦਰਜ ਕੀਤਾ ਹੈ।
ਮੁਹਾਲੀ ਪੁਲਸ ਨੂੰ ਅਮਿਤ ਜੈਨ ਨਾਂਅ ਦੇ ਵਿਅਕਤੀ ਨੇ ਅਰਜ਼ੀ ਦਿੱਤੀ ਸੀ ਕਿ ਉਹ ਟੀ ਵੀ ਦੇਖ ਰਿਹਾ ਸੀ, ਜਿਸ ਵਿੱਚ ਮਾਲਵਿੰਦਰ ਸਿੰਘ ਮਾਲੀ ਹਿੰਦੂ ਦੇਵੀ-ਦੇਵਤਿਆਂ ਵਿਰੁੱਧ ਟਿੱਪਣੀ ਕਰ ਰਿਹਾ ਸੀ, ਜਿਸ ਨਾਲ ਉਸ ਨੂੰ ਬਹੁਤ ਦੁੱਖ ਪਹੁੰਚਿਆ। ਉਸ ਤੇ ਹਿੰਦੂ ਸਮਾਜ ’ਚ ਬਹੁਤ ਰੋਸ ਹੈ।

Related Articles

LEAVE A REPLY

Please enter your comment!
Please enter your name here

Latest Articles