ਚੰਡੀਗੜ੍ਹ, (ਗੁਰਜੀਤ ਬਿੱਲਾ,
ਕਿ੍ਰਸ਼ਨ ਕੁਮਾਰ ਗਰਗ)
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੇ ਐਲਾਨ ਨੂੰ ‘ਆਪ’ ਪੰਜਾਬ ਦੇ ਆਗੂਆਂ ਨੇ ਇੱਕ ਦਲੇਰਾਨਾ ਅਤੇ ਇਨਕਲਾਬੀ ਕਦਮ ਕਰਾਰ ਦਿੱਤਾ ਹੈ ਅਤੇ ਅਰਵਿੰਦ ਕੇਜਰੀਵਾਲ ਦੀ ਸ਼ਲਾਘਾ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਦੇ ਫੈਸਲੇ ਦੀ ਤਾਰੀਫ ਕਰਦਿਆਂ ਇਸ ਨੂੰ ਕ੍ਰਾਂਤੀਕਾਰੀ ਫੈਸਲਾ ਦੱਸਿਆ ਹੈ। ਉਨ੍ਹਾ ਕਿਹਾ ਕਿ ਇਹ ਗੱਲ ਕੋਈ ਇਮਾਨਦਾਰ ਅਤੇ ਲੋਕ-ਪੱਖੀ ਆਗੂ ਹੀ ਕਰ ਸਕਦਾ ਹੈ। ਅਰਵਿੰਦ ਜੀ ਦੀ ਸੋਚ ਨੂੰ ਸਲਾਮ!
ਉਨ੍ਹਾ ਕਿਹਾ ਕਿ ਦਿੱਲੀ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਮਾਨਦਾਰੀ ਦੇ ਨਾਂਅ ’ਤੇ ਹੀ ਉਨ੍ਹਾਂ ਨੂੰ ਵੋਟਾਂ ਪਾਉਣਗੇ। ਮਾਨ ਨੇ ਕਿਹਾ ਕਿ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਕੇ ਆਮ ਆਦਮੀ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਪਰ ਉਹ ਸਾਨੂੰ ਤੋੜ ਨਹੀਂ ਸਕੇ। ਕੋਈ ਹੋਰ ਪਾਰਟੀ ਹੁੰਦੀ ਤਾਂ ਹੁਣ ਤੱਕ ਟੁੱਟ ਚੁੱਕੀ ਹੁੰਦੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾ ਲਈ ਮੁੱਖ ਮੰਤਰੀ ਦੀ ਕੁਰਸੀ ਨਹੀਂ, ਸਗੋਂ ਦਿੱਲੀ ਦੀ ਜਨਤਾ ਪਿਆਰੀ ਹੈ। ਉਹ ਦਿੱਲੀ ਦੇ ਲੋਕਾਂ ਨੂੰ ਪਿਆਰ ਕਰਦੇ ਹਨ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕੇਜਰੀਵਾਲ ਨੇ ਦੇਸ਼ ਵਿੱਚ ਇੱਕ ਨਵੀਂ ਅਤੇ ਇਮਾਨਦਾਰ ਰਾਜਨੀਤੀ ਦੀ ਸ਼ੁਰੂਆਤ ਕੀਤੀ ਹੈਸ਼ ਅੱਜ ਉਹਨਾ ਅਸਤੀਫਾ ਦੇ ਕੇ ਇੱਕ ਵਾਰ ਫਿਰ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ ਹੈ।
ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਹੁਣ ਜਨਤਾ ਤੈਅ ਕਰੇਗੀ ਕਿ ਕੇਜਰੀਵਾਲ ਗੁਨਾਹਗਾਰ ਹਨ ਜਾਂ ਇਮਾਨਦਾਰ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, ‘ਇੱਕ ਦਿਨ ਲਈ ਵੀ ਕੁਰਸੀ ਛੱਡਣਾ ਇੱਕ ਨੇਤਾ ਲਈ ਬਹੁਤ ਔਖਾ ਕੰਮ ਹੈ, ਅਜਿਹਾ ਕੰਮ ਕੋਈ ਇਮਾਨਦਾਰ ਵਿਅਕਤੀ ਹੀ ਕਰ ਸਕਦਾ ਹੈ।
ਕੋਈ ਵੀ ਨੇਤਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਉਸ ਦੇ ਹੱਕ ’ਚ ਆਇਆ ਹੋਵੇ ਤਾਂ ਉਹ ਅਸਤੀਫਾ ਨਹੀਂ ਦਿੰਦਾ, ਅਰਵਿੰਦ ਕੇਜਰੀਵਾਲ ਨੇ ਦਲੇਰੀ ਭਰਿਆ ਫੈਸਲਾ ਲਿਆ ਹੈ। ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਦੀ ਤਾਨਾਸ਼ਾਹੀ ਨੇ ਅੰਗਰੇਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।