ਉੱਤਰ ਪ੍ਰਦੇਸ਼ ਵਿੱਚ ਅਦਿੱਤਿਆਨਾਥ ਯੋਗੀ ਦੀ ਅਗਵਾਈ ਹੇਠ 2017 ਵਿੱਚ ਭਾਜਪਾ ਦੀ ਸਰਕਾਰ ਬਣੀ ਸੀ। ਅਗਲੀਆਂ ਚੋਣਾਂ 2022 ਵਿੱਚ ਹੋਈਆਂ ਤੇ ਭਾਜਪਾ ਮੁੜ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ ਸੀ। ਭਾਜਪਾ ਦੇ ਇਸ ਰਾਜ ਦੌਰਾਨ ਯੂ ਪੀ ਦੀ ਹਾਲਤ ਦਿਨੋ-ਦਿਨ ਬਦਤਰ ਹੰੁਦੀ ਗਈ ਹੈ। ਦੋ ਦਹਾਕੇ ਪਹਿਲਾਂ ਯੂ ਪੀ ਦੀ ਅਰਥ-ਵਿਵਸਥਾ ਤਾਮਿਲਨਾਡੂ ਨਾਲੋਂ 19 ਫ਼ੀਸਦੀ ਵੱਧ ਸੀ। ਇਹ ਹਾਲਤ 2013-14 ਤੱਕ ਇਸੇ ਤਰ੍ਹਾਂ ਕਾਇਮ ਰਹੀ ਸੀ। ਇਸ ਦੇ ਬਾਅਦ ਯੂ ਪੀ ਦੀ ਹਾਲਤ ਨਿੱਘਰਨੀ ਸ਼ੁਰੂ ਹੋ ਗਈ। ਅੰਕੜਾ ਵਿਭਾਗ ਅਨੁਸਾਰ 2023 ਵਿੱਚ ਤਾਮਿਲਨਾਡੂ ਦੀ ਪ੍ਰਤੀ ਵਿਅਕਤੀ ਆਮਦਨ 2 ਲੱਖ 75 ਹਜ਼ਾਰ ਸਾਲਾਨਾ ਸੀ, ਜਦੋਂ ਕਿ ਯੂ ਪੀ ਦੀ ਪ੍ਰਤੀ ਵਿਅਕਤੀ ਆਮਦਨ 84 ਹਜ਼ਾਰ ਸਾਲਾਨਾ ਦੇ ਨੀਵੇਂ ਪੱਧਰ ਤੱਕ ਪਹੁੰਚ ਗਈ ਸੀ। ਪ੍ਰਦੇਸ਼ ਵਿੱਚ ਇਸ ਸਮੇਂ ਭਿਅੰਕਰ ਬੇਰੁਜ਼ਗਾਰੀ ਹੈ। ਨੇਤਾਵਾਂ, ਅਧਿਕਾਰੀਆਂ, ਠੇਕੇਦਾਰਾਂ ਤੇ ਦਲਾਲਾਂ ਦੇ ਗੱਠਜੋੜ ਨੇ ਹਰ ਪੱਧਰ ’ਤੇ ਸਰਕਾਰੀ ਸੰਪਤੀ ਨੂੰ ਲੁੱਟਣ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਿੱਖਿਆ ਤੇ ਸਿਹਤ ਸੇਵਾਵਾਂ ਦੀ ਹਾਲਤ ਬੁਰੀ ਤਰ੍ਹਾਂ ਨਿੱਘਰ ਚੁੱਕੀ ਹੈ। ਭਵਿੱਖ ਦੀ ਕੋਈ ਉਮੀਦ ਨਹੀਂ ਹੈ। ਅਜਿਹੇ ਵਿੱਚ ਨੌਜਵਾਨ ਨਸ਼ਿਆਂ ਤੇ ਅਪਰਾਧਾਂ ਦੀ ਦਲਦਲ ਵਿੱਚ ਡੂੰਘੇ ਧਸ ਚੁੱਕੇ ਹਨ।
ਯੋਗੀ ਸਰਕਾਰ ਹਾਲਤ ਨੂੰ ਸੁਧਾਰਨ ਦੀ ਥਾਂ ਪੁਲਸ ਮੁਕਾਬਲਿਆਂ ਤੇ ਬੁਲਡੋਜ਼ਰ ਦੇ ਤਾਬੜਤੋੜ ਹਮਲਿਆਂ ਰਾਹੀਂ ਲੋਕਾਂ ਵਿੱਚ ਫਿਰਕੂ ਨਫ਼ਰਤ ਤੇ ਡਰ ਫੈਲਾਅ ਕੇ ਆਪਣੀ ਉਮਰ ਲੰਮੀ ਕਰ ਰਹੀ ਹੈ। ਮਾਰਚ 2017 ਤੋਂ ਸਤੰਬਰ 2024 ਤੱਕ ਯੂ ਪੀ ਵਿੱਚ 12964 ਪੁਲਸ ਮੁਕਾਬਲੇ ਹੋ ਚੁੱਕੇ ਹਨ। ਇਸ ਦਾ ਮਤਲਬ ਹੈ ਕਿ ਹਰ ਦਿਨ 5 ਪੁਲਸ ਮੁਕਾਬਲੇ ਹੋ ਰਹੇ ਹਨ। ਹੁਣ ਤੱਕ ਇਨ੍ਹਾਂ ਮੁਕਾਬਲਿਆਂ ਵਿੱਚ 224 ਵਿਅਕਤੀ ਮਰ ਚੁੱਕੇ ਹਨ, ਮਤਲਬ ਹਰ 13ਵੇਂ ਦਿਨ ਇੱਕ ਹੱਤਿਆ। ਇਨ੍ਹਾਂ ਹੱਤਿਆਵਾਂ ਵਿੱਚ 80 ਫ਼ੀਸਦੀ ਵਿਅਕਤੀ ਮੁਸਲਿਮ, ਦਲਿਤ ਤੇ ਪਛੜੀਆਂ ਜਾਤਾਂ ਨਾਲ ਸੰਬੰਧਤ ਸਨ। ਵਿਰੋਧੀ ਦਲਾਂ ਤੇ ਸਮਾਜਿਕ ਸੰਸਥਾਵਾਂ ਦਾ ਦੋਸ਼ ਹੈ ਕਿ ਇਹ ਪੁਲਸ ਮੁਕਾਬਲੇ ਜਾਤ ਤੇ ਧਰਮ ਦੇ ਅਧਾਰ ਉਤੇ ਸਿਆਸੀ ਮਕਸਦ ਲਈ ਕੀਤੇ ਜਾ ਰਹੇ ਹਨ। ਪਿਛਲੇ ਮਹੀਨੇ ਦੇ ਅੰਤ ਵਿੱਚ ਸੁਲਤਾਨਪੁਰ ਵਿੱਚ ਹੋਈ ਡਕੈਤੀ ਦੇ ਸੰਬੰਧ ਵਿੱਚ ਮੰਗੇਸ਼ ਯਾਦਵ ਨਾਂਅ ਦੇ ਇੱਕ ਨੌਜਵਾਨ ਨੂੰ ਪੁਲਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਮੰਗੇਸ਼ ਦੇ ਪਰਵਾਰ ਦਾ ਦੋਸ਼ ਹੈ ਕਿ ਪੁਲਸ ਉਸ ਨੂੰ ਘਰੋਂ ਗਿ੍ਰਫ਼ਤਾਰ ਕਰਕੇ ਲੈ ਗਈ ਸੀ। ਮੁੱਖ ਦੋਸ਼ੀ ਨੇ ਪੁਲਸ ਅੱਗੇ ਆਤਮ-ਸਮਰਪਣ ਕਰ ਦਿੱਤਾ ਸੀ। ਹੋਰ ਦੋ ਵੀ ਘਰਾਂ ਵਿੱਚੋਂ ਗਿ੍ਰਫ਼ਤਾਰ ਕਰ ਲਏ ਗਏ ਸਨ। ਪਰਵਾਰ ਦਾ ਦੋਸ਼ ਹੈ ਕਿ ਦੋ ਦਿਨ ਪੁਲਸ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਮੰਗੇਸ਼ ਯਾਦਵ ਦਾ ਪੁਲਸ ਮੁਕਾਬਲਾ ਬਣਾ ਦਿੱਤਾ ਗਿਆ।
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਨ੍ਹਾਂ ਪੁਲਸ ਮੁਕਾਬਲਿਆਂ ਰਾਹੀਂ ਰਾਜ ਵਿੱਚ ਅਮਨ-ਕਾਨੂੰਨ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ। ਅੰਕੜੇ ਦੱਸਦੇ ਹਨ ਕਿ ਯੂ ਪੀ ਵਿੱਚ ਹਰ ਦਿਨ ਘੱਟੋ-ਘੱਟ 5 ਘਟਨਾਵਾਂ ਵਿੱਚ ਅਪਰਾਧੀਆਂ ਤੇ ਪੁਲਸ ਦਰਮਿਆਨ ਗੋਲੀਬਾਰੀ ਹੋ ਰਹੀ ਹੈ। ਇਸ ਨਾਲ ਯੋਗੀ ਦੇ ‘ਅਪਰਾਧੀ ਥਰ-ਥਰ ਕੰਬ ਰਹੇ ਹਨ’ ਦੇ ਜੁਮਲਿਆਂ ਤੇ ਅਮਨ-ਕਾਨੂੰਨ ਦੀ ਹਾਲਤ ਦੀ ਪੋਲ ਖੁੱਲ੍ਹ ਜਾਂਦੀ ਹੈ।
ਕੌਮੀ ਅਪਰਾਧ ਬਿਊਰੋ ਦੇ ਅੰਕੜਿਆਂ ਅਨੁਸਾਰ ਇਸ ਵੇਲੇ ਅਗਵਾ, ਹੱਤਿਆ, ਰੇਪ ਤੇ ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲੇ ਵਿੱਚ ਯੂ ਪੀ ਦੇਸ਼ ਦੇ ਹਰ ਸੂਬੇ ਨਾਲੋਂ ਅੱਗੇ ਹੈ। ਹਿਰਾਸਤ ਵਿੱਚ ਮੌਤਾਂ ਦੇ ਮਾਮਲੇ ਵਿੱਚ ਯੂ ਪੀ ਇੱਕ ਨੰਬਰ ਉੱਤੇ ਹੈ। ਇਸ ਸ਼ਰਮਨਾਕ ਸਥਿਤੀ ਨੂੰ ਸੁਧਾਰਨ ਦੀ ਥਾਂ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਹਰ ਰੋਜ਼ ‘ਠੋਕ ਦੇਵਾਂਗੇ’, ‘ਮਿੱਟੀ ’ਚ ਮਿਲਾ ਦਿਆਂਗੇ’, ਤੇ ‘ਬੁਲਡੋਜ਼ਰ ਚਲਾ ਦਿਆਂਗੇ’ ਵਰਗੇ ਦਬਕੇ ਮਾਰਦਾ ਰਹਿੰਦਾ ਹੈ ਤਾਂ ਜੋ ਉਹ ਆਪਣੇ-ਆਪ ਨੂੰ ਇੱਕ ਸਖ਼ਤ ਤਾਨਾਸ਼ਾਹ ਵਜੋਂ ਸਥਾਪਤ ਕਰ ਸਕੇ। ਹੁਕਮਰਾਨਾਂ ਅੰਦਰ ਚਲ ਰਹੀ ਸਰਵਉੱਚਤਾ ਤੇ ਹੰਕਾਰ ਦੀ ਇਸ ਲੜਾਈ ਵਿੱਚ ਸਭ ਤੋਂ ਵੱਧ ਅਬਾਦੀ ਵਾਲੇ ਇਸ ਰਾਜ ਨੂੰ ਅੱਗ ਵਿੱਚ ਝੋਕਿਆ ਜਾ ਰਿਹਾ ਹੈ ਤੇ ਗਰੀਬ ਜਨਤਾ ਇਸ ਵਿੱਚ ਬਾਲਣ ਬਣ ਰਹੀ ਹੈ।
-ਚੰਦ ਫਤਿਹਪੁਰੀ