ਖਡੂਰ ਸਾਹਿਬ : ਸੀ ਪੀ ਆਈ ਨੇ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ’ਤੇ ਸਿਆਸੀ ਕਾਨਫਰੰਸ ਅਤੇ ਸੱਭਿਆਚਾਰਕ ਸਮਾਗਮ ਕੀਤਾ, ਜਿਸ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾਈ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੇ ਵਾਸੀਆਂ ਤੇ ਖਾਸ ਕਰਕੇ ਮਾਝੇ ਦੇ ਲੋਕਾਂ ਨੇ ਗੁਰੂਆਂ ਦਾ ਬਹੁਤ ਹੀ ਮਹਾਨ ਵਿਰਸਾ ਸਾਂਭਿਆ ਹੈ ਅਤੇ ਗੁਰੂ ਸਾਹਿਬਾਨ ਦੇ ਵਿਚਾਰਾਂ ’ਤੇ ਪਹਿਰਾ ਦੇ ਰਹੇ ਹਨ। ਸਾਡੇ ਗੁਰੂਆਂ ਦੀ ਸੋਚ ਇਹ ਸੀ ਕਿ ਹਰੇਕ ਮਨੁੱਖ ਅਮੀਰ ਹੋਣਾ ਚਾਹੀਦਾ ਹੈ। ਅਮੀਰ ਦਾ ਭਾਵ ਖੁਸ਼ਹਾਲ, ਪਰ ਸਾਡੀ ਬਦਕਿਸਮਤੀ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਾਡੀ ਸੋਨੇ ਦੀ ਚਿੜੀ ਅੰਗਰੇਜ਼ਾਂ ਨੇ ਲੁੱਟੀ। ਮੁਗਲਾਂ ਵੀ ਸਾਡੇ ਦੇਸ਼ ’ਤੇ ਕਬਜ਼ੇ ਕੀਤੇ, ਪਰ ਉਨ੍ਹਾਂ ਵਿਚੋਂ ਬਹੁਤੇ ਮੁਗਲ ਹਿੰਦ ਦੀ ਧਰਤੀ ਦੇ ਹੀ ਵਸਨੀਕ ਬਣ ਗਏ।ਉਹਨਾ ਕਿਹਾ ਕਿ ਸੀ ਪੀ ਆਈ ਆਪਣੀ ਪਾਰਟੀ ਦਾ ਬ੍ਰਾਂਚ ਪੱਧਰ ਤੱਕ ਮੰਥਨ ਕਰ ਰਹੀ ਹੈ ਕਿ ਲੋਕ ਸਾਡੀ ਪਾਰਟੀ ਤੋਂ ਕੰਮ ਤਾਂ ਲੈਂਦੇ ਹਨ, ਪਰ ਵੋਟਾਂ ਨਹੀਂ ਪਾਉਦੇ, ਇਸ ਦੀ ਵਜ੍ਹਾ ਕੀ ਹੈ? ਇਹ ਵਜ੍ਹਾ ਜਾਨਣ ਲਈ ਪਾਰਟੀ ਨੇ 15 ਅਗਸਤ ਤੋਂ 15 ਸਤੰਬਰ ਤੱਕ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਪਾਰਟੀ ਮੈਂਬਰਾਂ ਤੇ ਹਮਦਰਦਾਂ ਦੀਆਂ ਮੀਟਿੰਗਾਂ ਕੀਤੀਆਂ ਹਨ। ਇਨ੍ਹਾਂ ਮੀਟਿੰਗਾਂ ’ਚੋਂ ਬਹੁਤ ਕੁਝ ਮਿਲਿਆ ਹੈ। ਇਸ ਵੇਲੇ ਬਲਾਕਾਂ ਦੀਆਂ ਜਨਰਲ ਬਾਡੀ ਮੀਟਿੰਗਾਂ ਚੱਲ ਰਹੀਆਂ ਹਨ। ਇਸ ਤੋਂ ਪਿਛੋਂ ਜ਼ਿਲ੍ਹਾ ਪੱਧਰੀ ਜਨਰਲ ਬਾਡੀ ਮੀਟਿੰਗਾਂ ਤੇ ਇਸ ਮੁਹਿੰਮ ਦਾ ਆਖਰੀ ਪੜਾਅ ਪੰਜਾਬ ਵਿੱਚ ਇਲਾਕਾ ਪੱਧਰੀ ਰੈਲੀਆਂ ਹਨ, ਜੋ ਨਵੰਬਰ ਦੇ ਅਖੀਰ ਤੇ ਦਸੰਬਰ ਦੀ ਸ਼ੁਰੂਆਤ ਵਿੱਚ ਹੋਣਗੀਆਂ। ਮਾਝਾ ਇਲਾਕੇ ਦੀ ਮਹਾਂ ਰੈਲੀ ਦਸੰਬਰ ਦੀ ਸ਼ੁਰੂਆਤ ਵਿੱਚ ਅੰਮਿ੍ਰਤਸਰ ਵਿਖੇ ਹੋਵੇਗੀ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਨਰਿੰਦਰ ਕੌਰ ਸੋਹਲ ਤੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾਈ ਜਨਰਲ ਸਕੱਤਰ ਦੇਵੀ ਕੁਮਾਰੀ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਪਾਰਲੀਮੈਂਟ ਵਿੱਚ ਔਰਤਾਂ ਲਈ 33 ਫੀਸਦੀ ਸੀਟਾਂ ਦਾ ਰਾਖਵਾਂਕਰਨ ਕਰੇ। ਔਰਤਾਂ ਦੇ 33 ਫੀਸਦੀ ਰਾਖਵਾਂਕਰਨ ਦੀ ਰਾਏ ਬਣਾਉਣ ਵਾਸਤੇ ਪਾਰਲੀਮੈਂਟ ’ਚੋਂ ਇੱਕ ਔਰਤਾਂ ਦੀ ਮਹਾਨ ਵੀਰਾਂਗਣਾ ਗੀਤਾ ਮੁਖਰਜੀ ਦੀ ਅਗਵਾਈ ਹੇਠ ਇੱਕ ਕਮੇਟੀ ਬਣੀ ਸੀ ਤੇ ਉਸ ਨੇ ਆਪਣੀ ਰਿਪੋਰਟ ਉਸ ਸਮੇਂ ਦੀ ਸਰਕਾਰ ਨੂੰ ਸੌਂਪ ਦਿੱਤੀ ਸੀ, ਪਰ ਅੱਜ ਤੱਕ ਉਸ ’ਤੇ ਅਮਲ ਨਹੀਂ ਹੋਇਆ। ਇਸ ’ਤੇ ਅਮਲ ਜ਼ਰੂਰੀ ਹੋਣਾ ਚਾਹੀਦਾ ਹੈ। ਆਗੂਆਂ ਕਿਹਾ ਇਸ ਵੇਲੇ ਆਵਾਮ ਦਾ ਮਹਿੰਗਾਈ ਨੇ ਕਚੂੰਬਰ ਕੱਢਿਆ ਹੋਇਆ ਹੈ, ਉਹ ਵੀ ਖਾਸ ਕਰਕੇ ਖੇਤ ਮਜ਼ਦੂਰ ਪਰਵਾਰਾਂ ਦਾ। ਖੇਤੀ ਦੇ ਕੰਮ ਮਸ਼ੀਨਾਂ ਨੇ ਸਾਂਭ ਲਏ ਹਨ ਅਤੇ ਖੇਤ ਮਜ਼ਦੂਰ ਦਰ-ਦਰ ਧੱਕੇ ਖਾਣ ਵਾਸਤੇ ਮਜਬੂਰ ਹਨ। ਆਗੂਆਂ ਕਿਹਾ ਕਿ ਅਸੀਂ ਮਸ਼ੀਨ ਦਾ ਵਿਰੋਧ ਨਹੀਂ ਕਰਦੇ, ਪਰ ਗਰੀਬਾਂ ਨੂੰ ਕੰਮ ਦੇਣ ਦਾ ਆਲਟਰਨੇਟਿਵ ਵੀ ਚਾਹੀਦਾ ਹੈ, ਜਦੋਂ ਕਿ ਸਾਡੇ ਦੇਸ਼ ਵਿੱਚ ਪੜ੍ਹੇ ਤੇ ਅਨਪੜ੍ਹ ਵਾਸਤੇ ਕੋਈ ਕੰਮ ਦੀ ਘਾਟ ਨਹੀਂ। ਹਰੇਕ ਮਨੁੱਖ ਨੂੰ ਕੰਮ ਦਿੱਤਾ ਜਾ ਸਕਦਾ ਹੈ, ਪਰ ਬੇਈਮਾਨ ਸਰਕਾਰਾਂ ਜਾਣ ਬੁੱਝ ਕੇ ਅਮੀਰ ਤੇ ਗਰੀਬ ਰੱਖ ਕੇ ਆਪਣੇ ਰਾਜ ਦੀ ਉਮਰ ਲੰਮੀ ਕਰ ਰਹੀਆਂ ਹਨ। ਇਸ ਮੌਕੇ ਰੁਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਮੋਗਾ ਦੀ ਟੀਮ ਨੇ ਸੱਭਿਆਚਾਰਕ ਸਮਾਗਮ ਪੇਸ਼ ਕੀਤਾ।
ਉਕਤ ਬੁਲਾਰਿਆਂ ਤੋਂ ਇਲਾਵਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ, ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ, ਕਿਸਾਨ ਆਗੂ ਬਲਦੇਵ ਸਿੰਘ ਧੂੰਦਾ, ਬਲਜੀਤ ਸਿੰਘ ਫਤਿਆਬਾਦ, ਗੁਰਚਰਨ ਸਿੰਘ ਕੰਡਾ, ਦਰਸ਼ਨ ਸਿੰਘ ਬਿਹਾਰੀਪੁਰ, ਕੁਲਵੰਤ ਸਿੰਘ ਖਡੂਰ ਸਾਹਿਬ ਰਵਿੰਦਰ ਕੌਰ ਖਡੂਰ ਸਹਿਬ, ਜਸਵੰਤ ਸਿੰਘ ਖਡੂਰ ਸਹਿਬ, ਮੇਜਰ ਸਿੰਘ ਦਾਰਾਪੁਰ ਘੁੱਕ ਸਿੰਘ ਵੇਈਂਪੂਈਂ, ਸੁਖਵਿੰਦਰ ਸਿੰਘ ਮੁਗਲਾਣੀ ਆਦਿ ਆਗੂ ਮੌਜੂਦ ਸਨ।





