ਨਵੀਂ ਦਿੱਲੀ : ਚੀਨ ਦਾ ਟਾਕਰਾ ਕਰਨ ਲਈ ਕੁਆਡ ਮੁਲਕਾਂ ਭਾਰਤ, ਅਮਰੀਕਾ, ਆਸਟਰੇਲੀਆ ਅਤੇ ਜਾਪਾਨ ਨੇ ਪਹਿਲੀ ਵਾਰ ਸਾਂਝੇ ਕੋਸਟ ਗਾਰਡ ਮਿਸ਼ਨ ਦਾ ਐਲਾਨ ਕੀਤਾ ਹੈ। ਇਸ ਮਿਸ਼ਨ ਦੇ ਹਿੱਸੇ ਵਜੋਂ ਹਿੰਦ-ਪ੍ਰਸ਼ਾਂਤ ਖਿੱਤੇ ਵਿਚਲੇ ਛੋਟੇ ਮੁਲਕਾਂ ਨੂੰ ਸਮੁੰਦਰੀ ਸੁਰੱਖਿਆ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਵਿਚ ਅਗਲੀ ਪਰਤ ਤਕਨਾਲੋਜੀ ਦੀ ਜੋੜੀ ਜਾਵੇਗੀ ਅਤੇ ਸਮੁੰਦਰ ਉਤੇ ਨਜ਼ਰ ਬਣਾਈ ਰੱਖਣ ਲਈ ਵੇਲੇ ਸਿਰ ਨਾਲ ਦੀ ਨਾਲ ਡਾਟਾ ਮੁਹੱਈਆ ਕਰਵਾਇਆ ਜਾਵੇਗਾ। ਇਹ ਐਲਾਨ ਅਮਰੀਕੀ ਸੂਬੇ ਡੈਲਾਵੇਅਰ ਦੇ ਵਿਲਮਿੰਗਟਨ ਵਿਚ ਐਤਵਾਰ ਸਵੇਰੇ ਖਤਮ ਹੋਏ ਚਾਰੇ ਮੁਲਕਾਂ ਦੇ ਸਿਖਰ ਸੰਮੇਲਨ ਵਿਚ ਕੀਤੇ ਜਾਰੀ ਕੀਤੇ ਗਏ ਵਿਲਮਿੰਗਟਨ ਐਲਾਨਨਾਮੇ ਵਿਚ ਕੀਤਾ ਗਿਆ ਹੈ। ਐਲਾਨਨਾਮੇ ਵਿਚ ਰੂਸ-ਯੂਕਰੇਨ ਜੰਗ ਦੇ ਖਾਤਮੇ ਉਤੇ ਵੀ ਜ਼ੋਰ ਦਿੱਤਾ ਗਿਆ ਅਤੇ ਨਾਲ ਹੀ ਇਜ਼ਰਾਈਲ-ਗਾਜ਼ਾ ਟਕਰਾਅ ਦੇ ਖਾਤਮੇ ਲਈ ਮਾਮਲੇ ਦੇ ਦੋ-ਮੁਲਕੀ ਹੱਲ ਦੀ ਲੋੜ ਵੀ ਉਭਾਰੀ ਗਈ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਮੇਜ਼ਬਾਨੀ ਵਿਚ ਹੋਏ ਸਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਮੋਦੀ ਨੇ ਕਿਹਾਕੁਆਡ ਕਿਸੇ ਦੇ ਖਿਲਾਫ ਨਹੀਂ। ਅਸੀਂ ਸਾਰੇ ਨੇਮਾਂ ਆਧਾਰਤ ਆਲਮੀ ਢਾਂਚੇ, ਪ੍ਰਭੂਸੱਤਾ ਦੇ ਸਤਿਕਾਰ, ਇਲਾਕਾਈ ਅਖੰਡਤਾ ਅਤੇ ਸਾਰੇ ਮਾਮਲਿਆਂ ਦੇ ਪੁਰਅਮਨ ਹੱਲ ਦੇ ਹਾਮੀ ਹਾਂ। ਉਮੀਦ ਮੁਤਾਬਕ ਸਿਖਰ ਸੰਮੇਲਨ ਦਾ ਧਿਆਨ ਮੁੱਖ ਤੌਰ ’ਤੇ ਚੀਨ ਉਤੇ ਹੀ ਕੇਂਦਰਤ ਰਿਹਾ।
ਵਿਲਮਿੰਗਟਨ ਐਲਾਨਨਾਮੇ ਵਿਚ ਕਿਹਾ ਗਿਆ ਹੈਸਾਂਝੀਆਂ ਕਦਰਾਂ-ਕੀਮਤਾਂ ਦੇ ਆਧਾਰ ਉਤੇ ਅਸੀਂ ਅਜਿਹਾ ਕੌਮਾਂਤਰੀ ਢਾਂਚਾ ਚਾਹੁੰਦੇ ਹਾਂ, ਜਿਹੜਾ ਕਾਨੂੰਨ ਦੇ ਸ਼ਾਸਨ ਉਤੇ ਆਧਾਰਤ ਹੋਵੇ। ਇਹ ਟਿੱਪਣੀ ਦੱਖਣੀ ਚੀਨ ਸਾਗਰ ਵਿਚ ਸੰਯੁਕਤ ਰਾਸ਼ਟਰ ਦੀ ਸੇਧ ਵਾਲੇ 2016 ਦੇ ਇਕ ਸਾਲਸੀ ਐਵਾਰਡ ਨੂੰ ਚੀਨ ਵੱਲੋਂ ਨਾ ਮੰਨੇ ਜਾਣ ਦੇ ਸੰਦਰਭ ਵਿਚ ਕੀਤੀ ਗਈ ਹੈ। ਕੁਆਡ ਆਗੂਆਂ ਨੇ ਕਿਹਾ2016 ਦਾ ਸਾਲਸੀ ਐਵਾਰਡ ਇਕ ਮੀਲ-ਪੱਥਰ ਹੈ, ਜਿਹੜਾ ਝਗੜਿਆਂ ਦੇ ਪੁਰਅਮਨ ਹੱਲ ਦਾ ਆਧਾਰ ਹੈ।





