27.2 C
Jalandhar
Monday, September 26, 2022
spot_img

ਆਰ ਐੱਸ ਐੱਸ ਦੀ ਥਾਪੜੀ ਮੋਦੀ ਸਰਕਾਰ ਖਿਲਾਫ ਬੇਕਿਰਕ ਲੜਾਈ ਲੜਨੀ ਪਵੇਗੀ : ਬਰਾੜ

ਲੁਧਿਆਣਾ (ਐੱਮ ਐੱਸ ਭਾਟੀਆ/
ਰੈਕਟਰ ਕਥੂਰੀਆ)
ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਦੀ ਜ਼ਿਲ੍ਹਾ ਕਾਨਫਰੰਸ ਇਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ | ਇਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਸਾਥੀਆਂ ਨੇ ਹਿੱਸਾ ਲਿਆ | ਇਹ ਡੈਲੀਗੇਟ ਸਾਥੀ ਬਕਾਇਦਾ ਆਪਣੇ-ਆਪਣੇ ਬਲਾਕਾਂ ਤੋਂ ਚੁਣ ਕੇ ਆਏ ਸਨ | ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਲਾਲ ਝੰਡਾ ਲਹਿਰਾਉਣ ਦੀ ਰਸਮ ਗੁਰਨਾਮ ਸਿੰਘ ਸਿੱਧੂ ਨੇ ਅਦਾ ਕੀਤੀ ਗਈ | ਸਮਾਗਮ ਦਾ ਉਦਘਾਟਨ ਸੂਬਾਈ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ | ਉਨ੍ਹਾ ਦੇਸ਼ ਵਿਚ ਵਧ ਰਹੇ ਫਾਸ਼ੀਵਾਦ ਦੇ ਖਤਰੇ ਬਾਰੇ ਚੇਤਾਵਨੀ ਦਿੰਦਿਆਂ ਕਿਹਾ ਕਿ ਆਰ ਐੱਸ ਐੱਸ ਦੀ ਥਾਪੜੀ ਮੋਦੀ ਸਰਕਾਰ ਖਿਲਾਫ ਬੇਕਿਰਕ ਲੜਾਈ ਲੜਨੀ ਪਵੇਗੀ | ਦੇਸ਼ ਅੰਦਰ ਲਗਾਤਾਰ ਮਹਿੰਗਾਈ ਵਧ ਰਹੀ ਹੈ, ਬੇਰੁਜ਼ਗਾਰਾਂ ਦਾ ਬੁਰਾ ਹਾਲ ਹੈ | ਇਹਨਾਂ ਮੁੱਦਿਆਂ ਤੋਂ ਧਿਆਨ ਵੰਡਣ ਲਈ ਘਰ-ਘਰ ਤਿਰੰਗਾ ਲਹਿਰਾਉਣ ਦੀ ਗੱਲ ਕਹੀ ਜਾ ਰਹੀ ਹੈ, ਜਦੋਂ ਕਿ ਤੱਥ ਇਹ ਹਨ ਕਿ ਇਹਨਾਂ ਨੇ ਤਿਰੰਗੇ ਨੂੰ ਮੰਨਿਆ ਹੀ ਨਹੀਂ ਤੇ ਅਜ਼ਾਦੀ ਦੇ ਸੰਘਰਸ਼ ਦੌਰਾਨ ਤੇ ਬਾਅਦ ਵਿਚ ਤਿਰੰਗੇ ਨੂੰ ਪਾੜਿਆ, ਮਧੋਲਿਆ ਤੇ ਸਾੜਿਆ | ਆਜ਼ਾਦੀ ਦੇ ਸੰਘਰਸ਼ ਦੌਰਾਨ ਇਹ ਬਰਤਾਨਵੀ ਸਰਕਾਰ ਦੇ ਨਾਲ ਸਨ | ਸਾਨੂੰ ਲੋਕਾਂ ਦੇ ਨਾਲ ਸੰਬੰਧਤ ਮੁੱਦਿਆਂ ‘ਤੇ ਲੋਕਾਂ ਨੂੰ ਲਾਮਬੰਦ ਕਰਨਾ ਪਏਗਾ | ਪੰਜਾਬ ਦੀ ਆਪ ਸਰਕਾਰ ਬਾਰੇ ਉਨ੍ਹਾ ਕਿਹਾ ਕਿ ਇਹ ਕੇਂਦਰ ਦੇ ਥੱਲੇ ਦੱਬਦੇ ਹਨ | ਪੰਜਾਬ ਦੇ ਪਾਣੀ, ਚੰਡੀਗੜ੍ਹ ਦੀ ਜ਼ਮੀਨ ਦੇ ਮੁੱਦੇ ‘ਤੇ ਭਾਜਪਾ ਸਰਕਾਰ ਦੇ ਖਿਲਾਫ ਨਹੀਂ ਬੋਲਦੇ | ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਖਰਾਬ ਹੈ, ਮਾਫੀਆ ਦਨਦਨਾ ਰਹੇ ਹਨ | ਸਿਹਤ ਸੇਵਾਵਾਂ ਦੇ ਬਜਟ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ, ਜਿਸ ਕਰਕੇ ਸਿਹਤ ਸੇਵਾਵਾਂ ਦੇ ਸੁਧਾਰ ਦੀ ਕੋਈ ਆਸ ਨਹੀਂ |
ਉਦਘਾਟਨ ਉਪਰੰਤ ਡੀ ਪੀ ਮੌੜ ਨੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ | ਪਾਰਟੀ ਦੀ ਚਾਰ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਤੋਂ ਬਾਅਦ ਭਰਪੂਰ ਬਹਿਸ ਹੋਈ, ਜਿਸ ਵਿੱਚ ਸਾਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ | ਕਾਨਫਰੰਸ ਨੇ ਫੈਸਲਾ ਕੀਤਾ ਕਿ ਪਾਰਟੀ ਵਧਾਉਣ ਦੇ ਲਈ ਨੌਜਵਾਨਾਂ, ਵਿਦਿਆਰਥੀਆਂ ਤੇ ਇਸਤਰੀਆਂ ਵੱਲ ਉਚੇਚਾ ਧਿਆਨ ਦੇਵੇਗੀ | ਇਸ ਤੋਂ ਇਲਾਵਾ ਖੇਤ ਮਜ਼ਦੂਰਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਕਾਨਫਰੰਸਾਂ ਵੀ ਛੇਤੀ ਹੀ ਕੀਤੀਆਂ ਜਾਣਗੀਆਂ | ਪਾਰਟੀ ਨੇ 53 ਮੈਂਬਰੀ ਕੌਂਸਲ ਦੀ ਚੋਣ ਕੀਤੀ | ਡੀ ਪੀ ਮੌੜ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਸਕੱਤਰ ਚੁਣਿਆ ਗਿਆ | ਕੌਮੀ ਕੌਂਸਲ ਦੇ ਮੈਂਬਰ ਡਾਕਟਰ ਅਰੁਣ ਮਿੱਤਰਾ ਨੇ ਸਮਾਗਮ ਦੇ ਅੰਤ ਵਿੱਚ ਸਾਥੀਆਂ ਨੂੰ ਸਫਲ ਕਾਨਫਰੰਸ ਲਈ ਵਧਾਈ ਦਿੰਦਿਆਂ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਲਈ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿੱਤਾ | ਕਾਨਫਰੰਸ ਦੀ ਪ੍ਰਧਾਨਗੀ ਚਮਕੌਰ ਸਿੰਘ, ਕੁਲਵੰਤ ਕੌਰ ਅਤੇ ਭਗਵਾਨ ਸਿੰਘ ਸੋਮਲਖੇੜੀ ਨੇ ਕੀਤੀ | ਸਟੇਜ ਦਾ ਸੰਚਾਲਨ ਵਿਜੇ ਕੁਮਾਰ ਨੇ ਬਾਖੂਬੀ ਨਿਭਾਇਆ | ਕਾਨਫਰੰਸ ਨੇ ਸਤੰਬਰ ਦੇ ਮਹੀਨੇ ਹੋਣ ਵਾਲੀ ਪਾਰਟੀ ਦੀ ਸੂਬਾਈ ਕਾਨਫਰੰਸ ਲਈ ਡੈਲੀਗੇਟਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ |

Related Articles

LEAVE A REPLY

Please enter your comment!
Please enter your name here

Latest Articles