ਚੰਡੀਗੜ੍ਹ (ਗੁਰਜੀਤ ਬਿੱਲਾ/
�ਿਸ਼ਨ ਗਰਗ)
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਵਜ਼ਾਰਤ ’ਚ ਫੇਰਬਦਲ ਕਰਦਿਆਂ ਪੰਜ ਵਿਧਾਇਕਾਂ ਨੂੰ ਮੰਤਰੀ ਬਣਾ ਦਿੱਤਾ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਜ ਭਵਨ ’ਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੇ ਹੋਰ ਆਗੂ ਮੌਜੂਦ ਸਨ। ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਵਾਲਿਆਂ ’ਚ ਹਰਦੀਪ ਸਿੰਘ ਮੁੰਡੀਆਂ, ਬਰਿੰਦਰ ਕੁਮਾਰ ਗੋਇਲ, ਤਰੁਨਪ੍ਰੀਤ ਸਿੰਘ ਸੌਂਦ, ਡਾ. ਰਵਜੋਤ ਸਿੰਘ ਅਤੇ ਮਹਿੰਦਰ ਭਗਤ ਸ਼ਾਮਲ ਸਨ। ਉਨ੍ਹਾਂ ਪੰਜਾਬੀ ’ਚ ਸਹੁੰ ਚੁੱਕੀ।
ਮਾਲਵਾ ਖੇਤਰ ਦੇ ਤਿੰਨ ਅਤੇ ਦੋਆਬਾ ਖੇਤਰ ਦੇ ਦੋ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ। ਸੂਬੇ ’ਚ 30 ਮਹੀਨੇ ਪਹਿਲਾਂ ਸੱਤਾ ’ਚ ਆਈ ‘ਆਪ’ ਦੇ ਮੰਤਰੀ ਮੰਡਲ ’ਚ ਇਹ ਚੌਥਾ ਫੇਰ-ਬਦਲ ਹੈ। ਨਵੇਂ ਮੰਤਰੀ ਬਣਾਉਣ ਤੋਂ ਪਹਿਲਾਂ ਚਾਰ ਮੰਤਰੀਆਂ ਚੇਤਨ ਸਿੰਘ ਜੌੜਾਮਾਜਰਾ, ਅਨਮੋਲ ਗਗਨ ਮਾਨ, ਬਲਕਾਰ ਸਿੰਘ ਅਤੇ ਬ੍ਰਹਮ ਸੰਕਰ ਜਿੰਪਾ ਨੂੰ ਹਟਾ ਦਿੱਤਾ ਗਿਆ। ਸਹੁੰ ਚੁੱਕਣ ਤੋਂ ਬਾਅਦ ਮੰਤਰੀਆਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ, ਜੱਫੀ ਪਾਈ ਤੇ ਹੱਥ ਮਿਲਾਏ। ਮੰੁਡੀਆਂ ਨੇ ਰਾਜਪਾਲ ਤੇ ਮੁੱਖ ਮੰਤਰੀ ਦੇ ਚਰਨੀਂ ਹੱਥ ਲਾ ਕੇ ਅਸ਼ੀਰਵਾਦ ਲਿਆ। ਹੁਣ ਮਾਨ ਵਜ਼ਾਰਤ ਦੀ ਤਾਕਤ ਵਧ ਕੇ 16 ਹੋ ਗਈ ਹੈ ਤੇ ਦੋ ਹੋਰ ਮੰਤਰੀ ਬਣਾਏ ਜਾ ਸਕਦੇ ਹਨ।
ਮੁੰਡੀਆਂ ਨੂੰ ਮਾਲ, ਮੁੜਵਸੇਬਾ, ਆਫਤ ਪ੍ਰਬੰਧਨ, ਜਲ ਸਪਲਾਈ ਤੇ ਸੈਨੀਟੇਸ਼ਨ, ਹਾਊਸਿੰਗ ਐਂਡ ਅਰਬਨ ਡਿਵੈੱਲਪਮੈਂਟ ਵਿਭਾਗ ਦਿੱਤੇ ਗਏ ਹਨ। ਬਰਿੰਦਰ ਕੁਮਾਰ ਗੋਇਲ ਨੂੰ ਮਾਇਨਜ਼ ਐਂਡ ਜਿਓਲੋਜੀ, ਪਾਣੀ ਸੋਮੇ ਅਤੇ ਭੋਇੰ ਤੇ ਪਾਣੀ ਸੰਭਾਲ ਦੇ ਵਿਭਾਗ ਦਿੱਤੇ ਗਏ ਹਨ। ਸੌਂਦ ਨੂੰ ਸੈਰਸਪਾਟਾ ਤੇ ਸੱਭਿਆਚਾਰ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ, ਪ੍ਰਾਹੁਣਾਚਾਰੀ, ਸਨਅਤ ਤੇ ਵਣਜ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਿੱਤੇ ਗਏ ਹਨ। ਡਾ. ਰਵਜੋਤ ਸਿੰਘ ਨੂੰ ਲੋਕਲ ਬਾਡੀਜ਼ ਤੇ ਸੰਸਦੀ ਮਾਮਲਿਆਂ ਦੇ ਵਿਭਾਗ ਦਿੱਤੇ ਗਏ ਹਨ। ਭਗਤ ਨੂੰ ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਈਆਂ ਤੇ ਬਾਗਬਾਨੀ ਦੇ ਵਿਭਾਗ ਦਿੱਤੇ ਗਏ ਹਨ। ਮੰਤਰੀਆਂ ਦੇ ਸਹੁੰ ਚੁੱਕਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੇ ਓ ਐੱਸ ਡੀ ਓਂਕਾਰ ਸਿੰਘ ਨੂੰ ਹਟਾ ਦਿੱਤਾ। ਲੰਬੀ ਦੇ ਓਂਕਾਰ ਸਿੰਘ ਪੰਜਾਬ ਪੇਂਡੂ ਵਿਕਾਸ ਬੋਰਡ ਦੇ ਚੇਅਰਮੈਨ ਦੇ ਓ ਐੱਸ ਡੀ ਸਨ। ਇਸ ਬੋਰਡ ਦਾ ਚਾਰਜ ਮਾਨ ਕੋਲ ਹੈ। ਇਸ ਤੋਂ ਪਹਿਲਾਂ ਓਂਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਵਿਚ ਕੰਮ ਕਰਦੇ ਸਨ। ਉਨ੍ਹਾ ਨੂੰ ਮਾਨ ਦੇ ਕਾਫੀ ਕਰੀਬ ਮੰਨਿਆ ਜਾਂਦਾ ਸੀ। ਦੱਸਿਆ ਜਾਂਦਾ ਹੈ ਕਿ ਦਿੱਲੀ ਦੇ ਆਪ ਵਿਧਾਇਕ ਜਰਨੈਲ ਸਿੰਘ ਨੇ ਉਨ੍ਹਾ ਦੀ ਜਲੰਧਰ ਜ਼ਿਮਨੀ ਚੋਣ ਵੇਲੇ ਮਾਨ ਕੋਲ ਸ਼ਿਕਾਇਤ ਕੀਤੀ ਸੀ।