ਚੰਡੀਗੜ੍ਹ : ਪੰਜਾਬ ’ਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣਗੀਆਂ। ਬੁੱਧਵਾਰ ਇਸ ਦਾ ਐਲਾਨ ਕਰਦਿਆਂ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਨਾਮਜ਼ਦਗੀਆਂ 27 ਸਤੰਬਰ ਤੋਂ ਭਰੀਆਂ ਜਾ ਸਕਣਗੀਆਂ ਅਤੇ 4 ਅਕਤੂਬਰ ਆਖਰੀ ਮਿਤੀ ਹੋਵੇਗੀ। ਸਰਪੰਚੀ ਦੇ ਉਮੀਦਵਾਰ 40 ਹਜ਼ਾਰ ਰੁਪਏ ਤੱਕ ਅਤੇ ਪੰਚੀ ਦੇ ਉਮੀਦਵਾਰ 30 ਹਜ਼ਾਰ ਰੁਪਏ ਤੱਕ ਖਰਚ ਕਰ ਸਕਣਗੇ। 13241 ਪੰਚਾਇਤਾਂ ਵਿਚ 1 ਕਰੋੜ 33 ਲੱਖ 97 ਹਜ਼ਾਰ 932 ਰਜਿਸਟਰਡ ਵੋਟਰ ਹਨ। ਸਰਕਾਰ ਨੇ ਪੰਚਾਇਤ ਚੋਣਾਂ ਦੇ ਐਲਾਨ ਤੋਂ ਐਨ ਪਹਿਲਾਂ ਦੋ ਹੁਕਮ ਜਾਰੀ ਕਰ ਕੇ ਪਹਿਲਾਂ 11 ਆਈ ਏ ਐੱਸ ਤੇ 38 ਪੀ ਸੀ ਐੱਸ ਅਫਸਰਾਂ ਦੇ ਅਤੇ ਬਾਅਦ ’ਚ 22 ਆਈ ਪੀ ਐੱਸ ਅਫਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ। ਨੌਨਿਹਾਲ ਸਿੰਘ ਨੂੰ ਏ ਡੀ ਜੀ ਪੀ ਇੰਟਰਨਲ ਵਿਜੀਲੈਂਸ ਸੈੱਲ, ਐੱਸ ਪੀ ਐੱਸ ਪਰਮਾਰ ਨੂੰ ਏ ਡੀ ਜੀ ਪੀ ਅਮਨ ਤੇ ਕਾਨੂੰਨ, ਧਨਪ੍ਰੀਤ ਕੌਰ ਨੂੰ ਆਈ ਜੀ ਲੁਧਿਆਣਾ ਰੇਂਜ, ਗੁਰਪ੍ਰੀਤ ਸਿੰਘ ਭੁੱਲਰ ਨੂੰ ਪੁਲਸ ਕਮਿਸ਼ਨਰ ਅੰਮਿ੍ਰਤਸਰ ਅਤੇ ਗੁਰਪ੍ਰੀਤ ਸਿੰਘ ਔਲਖ ਨੂੰ ਡੀ ਸੀ ਤਰਨ ਤਾਰਨ ਨਿਯੁਕਤ ਕੀਤਾ ਗਿਆ ਹੈ।