ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਭਾਜਪਾ ਸਰਕਾਰ ਜਿਸ ਤਰ੍ਹਾਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਨੂੰ ਡੇਗ ਰਹੀ ਹੈ, ਕੀ ਉਹ ਦੇਸ਼ ਤੇ ਲੋਕਤੰਤਰ ਲਈ ਸਹੀ ਹੈ?
ਕੇਜਰੀਵਾਲ ਨੇ ਚਿੱਠੀ ਵਿਚ ਲਿਖਿਆ ਹੈਮੈਂ ਇਹ ਚਿੱਠੀ ਇਕ ਸਿਆਸੀ ਪਾਰਟੀ ਦੇ ਆਗੂ ਦੀ ਹੈਸੀਅਤ ਵਿਚ ਨਹੀਂ ਲਿਖ ਰਿਹਾ, ਸਗੋਂ ਇਸ ਦੇਸ਼ ਦੇ ਆਮ ਨਾਗਰਿਕ ਦੇ ਤੌਰ ’ਤੇ ਲਿਖ ਰਿਹਾ ਹਾਂ। ਅੱਜ ਦੇਸ਼ ਦੇ ਹਾਲਾਤ ਨੂੰ ਲੈ ਕੇ ਮੈਂ ਬਹੁਤ ਚਿੰਤਤ ਹਾਂ। ਜਿਸ ਦਿਸ਼ਾ ਵਿਚ ਭਾਜਪਾ ਦੀ ਕੇਂਦਰ ਸਰਕਾਰ ਦੇਸ਼ ਤੇ ਦੇਸ਼ ਦੀ ਸਿਆਸਤ ਨੂੰ ਲਿਜਾ ਰਹੀ ਹੈ, ਇਹ ਪੂਰੇ ਦੇਸ਼ ਲਈ ਹਾਨੀਕਾਰਕ ਹੈ। ਜੇ ਇਹੀ ਚਲਦਾ ਰਿਹਾ ਤਾਂ ਸਾਡਾ ਲੋਕਤੰਤਰ ਖਤਮ ਹੋ ਜਾਵੇਗਾ, ਸਾਡਾ ਦੇਸ਼ ਖਤਮ ਹੋ ਜਾਵੇਗਾ। ਪਾਰਟੀਆਂ ਤਾਂ ਆਉਦੀਆਂ-ਜਾਂਦੀਆਂ ਰਹਿਣਗੀਆਂ, ਚੋਣਾਂ ਆਉਦੀਆਂ-ਜਾਂਦੀਆਂ ਰਹਿਣਗੀਆਂ, ਨੇਤਾ ਆਉਦੇ-ਜਾਂਦੇ ਰਹਿਣਗੇ, ਪਰ ਭਾਰਤ ਦੇਸ਼ ਹਮੇਸ਼ਾ ਰਹੇਗਾ। ਇਸ ਦੇਸ਼ ਦਾ ਤਿਰੰਗਾ ਅਸਮਾਨ ਵਿਚ ਮਾਣ ਨਾਲ ਹਮੇਸ਼ਾ ਲਹਿਰਾਏ, ਇਹ ਯਕੀਨੀ ਬਣਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ।
ਕੇਜਰੀਵਾਲ ਦੇ ਪੰਜ ਸਵਾਲ
1. ਦੇਸ਼-ਭਰ ਵਿਚ ਵੱਖ-ਵੱਖ ਤਰ੍ਹਾਂ ਦੇ ਲਾਲਚ ਦੇ ਕੇ ਜਾਂ ਫਿਰ ਈ ਡੀ-ਸੀ ਬੀ ਆਈ ਦੀ ਧਮਕੀ ਦੇ ਕੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਤੋੜਿਆ ਜਾ ਰਿਹਾ ਹੈ, ਉਨ੍ਹਾਂ ਦੀਆਂ ਪਾਰਟੀਆਂ ਨੂੰ ਤੋੜਿਆ ਜਾ ਰਿਹਾ ਹੈ ਅਤੇ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਨੂੰ ਡੇਗਿਆ ਜਾ ਰਿਹਾ ਹੈ। ਕੀ ਚੁਣੀਆਂ ਹੋਈਆਂ ਸਰਕਾਰਾਂ ਨੂੰ ਇਸ ਤਰ੍ਹਾਂ ਡੇਗਣਾ ਦੇਸ਼ ਤੇ ਦੇਸ਼ ਦੇ ਲੋਕਤੰਤਰ ਲਈ ਸਹੀ ਹੈ? ਕਿਸੇ ਵੀ ਤਰ੍ਹਾਂ ਬੇਈਮਾਨੀ ਕਰਕੇ ਸੱਤਾ ਹਾਸਲ ਕਰਨਾ, ਕੀ ਤੁਹਾਨੂੰ ਜਾਂ ਆਰ ਐੱਸ ਐੱਸ ਨੂੰ ਮਨਜ਼ੂਰ ਹੈ?
2. ਦੇਸ਼ ਦੇ ਕੁਝ ਆਗੂਆਂ ਨੂੰ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਨਤਕ ਮੰਚਾਂ ਤੋਂ ਭਿ੍ਰਸ਼ਟਾਚਾਰੀ ਕਿਹਾ ਤੇ ਉਸ ਦੇ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਨੂੰ ਭਾਜਪਾ ਨਾਲ ਰਲਾ ਲਿਆ। ਜਿਵੇਂ 28 ਜੂਨ 2023 ਨੂੰ ਪ੍ਰਧਾਨ ਮੰਤਰੀ ਨੇ ਇਕ ਜਨਤਕ ਭਾਸ਼ਣ ਵਿਚ ਇਕ ਪਾਰਟੀ ਤੇ ਉਸ ਦੇ ਇਕ ਨੇਤਾ ’ਤੇ 70 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਲਾਇਆ। ਉਸ ਦੇ ਕੁਝ ਦਿਨ ਬਾਅਦ ਹੀ ਉਸ ਪਾਰਟੀ ਨੂੰ ਤੋੜ ਕੇ ਉਸੇ ਆਗੂ ਨਾਲ ਸਰਕਾਰ ਬਣਾ ਲਈ ਤੇ ਉਸੇ ਆਗੂ, ਜਿਸ ਨੂੰ ਕੱਲ੍ਹ ਤੱਕ ਭਿ੍ਰਸ਼ਟ ਕਹਿੰਦੇ ਸਨ, ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ। ਅਜਿਹੇ ਕਈ ਮਾਮਲੇ ਹਨ। ਕੀ ਤੁਸੀਂ ਜਾਂ ਆਰ ਐੱਸ ਐੱਸ ਦੇ ਕਾਰਕੁਨਾਂ ਨੇ ਅਜਿਹੀ ਭਾਜਪਾ ਦੀ ਕਲਪਨਾ ਕੀਤੀ ਸੀ? ਕੀ ਇਹ ਸਭ ਦੇਖ ਕੇ ਤੁਹਾਨੂੰ ਕਸ਼ਟ ਨਹੀਂ ਹੁੰਦਾ?
3. ਭਾਜਪਾ ਉਹ ਪਾਰਟੀ ਹੈ, ਜਿਹੜੀ ਆਰ ਐੱਸ ਐੱਸ ਦੀ ਕੁੱਖ ਵਿੱਚੋਂ ਪੈਦਾ ਹੋਈ। ਇਹ ਆਰ ਐੱਸ ਐੱਸ ਦੀ ਜ਼ਿੰਮੇਵਾਰੀ ਹੈ ਕਿ ਜੇ ਭਾਜਪਾ ਭਟਕੇ ਤਾਂ ਉਸ ਨੂੰ ਸਹੀ ਰਾਹ ’ਤੇ ਲਿਆਵੇ। ਕੀ ਤੁਸੀਂ ਕਦੇ ਪ੍ਰਧਾਨ ਮੰਤਰੀ ਨੂੰ ਇਹ ਸਭ ਗਲਤ ਕਦਮ ਚੁੱਕਣ ਤੋਂ ਰੋਕਿਆ?
4. ਜੇ ਪੀ ਨੱਢਾ ਨੇ ਲੋਕ ਸਭਾ ਚੋਣਾਂ ਦੌਰਾਨ ਕਿਹਾ ਕਿ ਭਾਜਪਾ ਨੂੰ ਹੁਣ ਆਰ ਐੱਸ ਐੱਸ ਦੀ ਲੋੜ ਨਹੀਂ। ਆਰ ਐੱਸ ਐੱਸ ਇਕ ਤਰ੍ਹਾਂ ਨਾਲ ਭਾਜਪਾ ਦੀ ਮਾਂ ਹੈ। ਕੀ ਬੇਟਾ ਏਨਾ ਵੱਡਾ ਹੋ ਗਿਆ ਕਿ ਮਾਂ ਨੂੰ ਅੱਖਾਂ ਦਿਖਾਉਣ ਲੱਗੇ? ਮੈਨੂੰ ਪਤਾ ਲੱਗਿਆ ਹੈ ਕਿ ਜੇ ਪੀ ਨੱਢਾ ਦੇ ਇਸ ਬਿਆਨ ਨੇ ਹਰ ਆਰ ਐੱਸ ਐੱਸ ਕਾਰਕੁਨ ਨੂੰ ਬੇਹੱਦ ਠੇਸ ਪਹੁੰਚਾਈ ਹੈ। ਦੇਸ਼ ਜਾਨਣਾ ਚਾਹੰੁਦਾ ਹੈ ਕਿ ਉਨ੍ਹਾ ਦੇ ਬਿਆਨ ਨਾਲ ਤੁਹਾਡੇ ਦਿਲ ’ਤੇ ਕੀ ਗੁਜ਼ਰੀ?
5. ਤੁਸੀਂ ਸਭ ਨੇ ਮਿਲ ਕੇ ਕਾਨੂੰਨ ਬਣਾਇਆ ਕਿ 75 ਸਾਲ ਦੀ ਉਮਰ ਦੇ ਬਾਅਦ ਭਾਜਪਾ ਦੇ ਨੇਤਾ ਰਿਟਾਇਰ ਹੋ ਜਾਣਗੇ। ਇਸ ਕਾਨੂੰਨ ਦਾ ਖੂਬ ਪ੍ਰਚਾਰ ਕੀਤਾ ਗਿਆ ਅਤੇ ਇਸੇ ਕਾਨੂੰਨ ਤਹਿਤ ਐੱਲ ਕੇ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਕਈ ਕੱਦਾਵਰ ਭਾਜਪਾ ਨੇਤਾਵਾਂ ਨੂੰ ਰਿਟਾਇਰ ਕੀਤਾ ਗਿਆ। ਪਿਛਲੇ 10 ਸਾਲਾਂ ਤੋਂ ਇਸ ਕਾਨੂੰਨ ਤਹਿਤ ਕਈ ਹੋਰ ਭਾਜਪਾ ਨੇਤਾਵਾਂ ਨੂੰ ਰਿਟਾਇਰ ਕੀਤਾ ਗਿਆ, ਜਿਵੇਂ ਖੰਡੂਰੀ, ਸ਼ਾਂਤਾ ਕੁਮਾਰ, ਸੁਮਿਤਰਾ ਮਹਾਜਨ ਆਦਿ। ਹੁਣ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਉਹ ਕਾਨੂੰਨ ਪ੍ਰਧਾਨ ਮੰਤਰੀ ਨੋਦੀ ’ਤੇ ਲਾਗੂ ਨਹੀਂ ਹੋਵੇਗਾ। ਕੀ ਇਸ ’ਤੇ ਤੁਹਾਨੂੰ ਸਹਿਮਤੀ ਹੈ ਕਿ ਜਿਸ ਕਾਨੂੰਨ ਤਹਿਤ ਅਡਵਾਨੀ ਨੂੰ ਰਿਟਾਇਰ ਕੀਤਾ ਗਿਆ, ਉਹ ਕਾਨੂੰਨ ਹੁਣ ਮੋਦੀ ’ਤੇ ਲਾਗੂ ਨਹੀਂ ਹੋਵੇਗਾ? ਕੀ ਸਭ ਲਈ ਕਾਨੂੰਨ ਬਰਾਬਰ ਨਹੀਂ ਹੋਣਾ ਚਾਹੀਦਾ?
ਕੇਜਰੀਵਾਲ ਨੇ ਅਖੀਰ ਵਿਚ ਲਿਖਿਆ ਹੈ ਕਿ ਅੱਜ ਹਰ ਭਾਰਤ ਵਾਸੀ ਦੇ ਮਨ ਵਿਚ ਇਹ ਸਵਾਲ ਘੁੰਮ ਰਹੇ ਹਨ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਨ੍ਹਾਂ ਸਵਾਲਾਂ ’ਤੇ ਵਿਚਾਰ ਕਰੋਗੇ ਤੇ ਲੋਕਾਂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੋਗੇ।