ਕੋਲਕਾਤਾ : ਅਲੀਪੋਰ ਦੀ ਕੋਰਟ ਨੇ ਵੀਰਵਾਰ ਤਿਲਜਲਾ ਇਲਾਕੇ ਵਿਚ 7 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਪੋਕਸੋ ਕੋਰਟ ਦੇ ਜੱਜ ਸੁਦੀਪਤੋ ਭੱਟਾਚਾਰੀਆ ਨੇ ਕਿਹਾ ਕਿ ਦੋਸ਼ੀ ਨਾਲ ਲਿਹਾਜ਼ ਮਾਸੂਮ ਬੱਚੀ ’ਤੇ ਜ਼ੁਲਮ ਕਰਨ ਵਰਗਾ ਹੋਵੇਗਾ, ਜਿਹੜੀ ਦਰਿੰਦੇ ਦਾ ਮੁਕਾਬਲਾ ਨਹੀਂ ਕਰ ਸਕਦੀ ਸੀ। ਪੀੜਤਾ ਦਾ ਪਰਵਾਰ ਬਹੁਮੰਜ਼ਲੀ ਇਮਾਰਤ ਦੀ ਦੂਜੀ ਮੰਜ਼ਲ ’ਤੇ ਰਹਿੰਦਾ ਹੈ। ਪਿਛਲੇ ਸਾਲ 26 ਮਾਰਚ ਨੂੰ ਸਵੇਰੇ ਕਰੀਬ 8 ਵਜੇ ਕੁੜੀ ਦੀ ਮਾਂ ਨੇ ਬੱਚੀ ਨੂੰ ਲੋਕਲ ਮਾਰਕਿਟ ਵਿੱਚੋਂ ਦੁੱਧ ਦਾ ਪੈਕਟ ਲਿਆਉਣ ਤੇ ਨਾਲ ਹੀ ਕੂੜੇ ਦਾ ਲਿਫਾਫਾ ਕੂੜੇਦਾਨ ਵਿਚ ਸੁੱਟਣ ਲਈ ਘੱਲਿਆ ਸੀ। ਢਾਈ ਘੰਟਿਆਂ ਤੱਕ ਉਹ ਵਾਪਸ ਨਹੀਂ ਆਈ ਤਾਂ ਪਰਵਾਰ ਨੇ ਤਿਲਜਲਾ ਥਾਣੇ ਵਿਚ ਗੰੁਮਸ਼ੁਦਗੀ ਦੀ ਸ਼ਿਕਾਇਤ ਦਿੱਤੀ। ਸੀ ਸੀ ਟੀ ਵੀ ਤੋਂ ਪਤਾ ਲੱਗਾ ਕਿ ਕੁੜੀ ਕੂੜਾ ਸੁੱਟ ਕੇ ਇਮਾਰਤ ਵਿਚ ਪਰਤ ਆਈ ਸੀ। ਸਾਰੀ ਇਮਾਰਤ ਦੀ ਤਲਾਸ਼ੀ ਦੌਰਾਨ ਉੱਥੇ ਹੀ ਰਹਿੰਦੇ ਮੁਲਜ਼ਮ ਦੀ ਕਿਚਨ ਵਿਚ ਕੁਕਿੰਗ ਗੈਸ ਸਿਲੰਡਰ ਦੇ ਪਿੱਛੇ ਬੋਰੀ ਵਿਚ ਕੁੜੀ ਦੀ ਲਾਸ਼ ਮਿਲੀ। ਸਰਕਾਰੀ ਵਕੀਲ ਸ਼ਿਬਨਾਥ ਅਧਿਕਾਰੀ ਨੇ ਕੋਰਟ ਨੂੰ ਦੱਸਿਆ ਕਿ ਕੁੜੀ ਦੇ ਦੋਨੋਂ ਹੱਥ ਪਿੱਛੇ ਕਰਕੇ ਬੰਨ੍ਹੇ ਹੋਏ ਸਨ ਤੇ ਮੂੰਹ ਵਿਚ ਕੱਪੜਾ ਤੁੰਨਿਆ ਹੋਇਆ ਸੀ। ਉਸ ਦੇ ਸਰੀਰ ’ਤੇ 26 ਜ਼ਖਮ ਮਿਲੇ। ਸਿਰ ਹਥੌੜੇ ਨਾਲ ਫੇਂਹਿਆ ਹੋਇਆ ਸੀ। ਅੱਖਾਂ ਕੱਢਣ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਤੋਂ ਬਾਅਦ ਤਿਲਜਲਾ ਤੇ ਪਾਰਕ ਸਰਕਸ ਇਲਾਕੇ ਵਿਚ ਬਿਹਤਰ ਪੁਲਿਸਿੰਗ ਦੀ ਮੰਗ ਨੂੰ ਲੈ ਕੇ ਹਿੰਸਕ ਪ੍ਰੋਟੈੱਸਟ ਹੋਏ ਸਨ। ਕਾਰਾਂ ਨੂੰ ਅੱਗ ਲਾ ਦਿੱਤੀ ਗਈ ਸੀ ਤੇ ਇਕ ਥਾਣੇ ਵਿਚ ਵੀ ਭੰਨਤੋੜ ਕੀਤੀ ਗਈ ਸੀ। ਸੜਕੀ ਤੇ ਰੇਲਵੇ ਆਵਾਜਾਈ ਵੀ ਰੋਕ ਦਿੱਤੀ ਗਈ ਸੀ। ਜਾਂਚ ਵਿਚ ਸਾਹਮਣੇ ਆਇਆ ਸੀ ਕਿ ਸ਼ਾਅ ਬੱਚੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਆਪਣੇ ਕਮਰੇ ਵਿਚ ਲੈ ਗਿਆ ਸੀ। 16 ਜੂਨ 2023 ਨੂੰ ਸ਼ੁਰੂ ਹੋਏ ਮੁਕੱਦਮੇ ਵਿਚ 45 ਤੋਂ ਵੱਧ ਗਵਾਹ ਭੁਗਤੇ।