ਮੁੰਬਈ : ਭਾਜਪਾ ਆਗੂ ਕਿਰੀਟ ਸੋਮਈਆ ਦੀ ਪਤਨੀ ਮੇਧਾ ਸੋਮਈਆ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿਚ ਮੁੰਬਈ ਦੀ ਇਕ ਅਦਾਲਤ ਨੇ ਵੀਰਵਾਰ ਸ਼ਿਵ ਸੈਨਾ (ਯੂ ਬੀ ਟੀ) ਦੇ ਸੰਸਦ ਮੈਂਬਰ ਸੰਜੇ ਰਾਊਤ ਨੂੰ 15 ਦਿਨਾਂ ਦੀ ਸਧਾਰਨ ਜੇਲ੍ਹ ਦੀ ਸਜ਼ਾ ਸੁਣਾਈ। ਮੈਟਰੋਪੋਲੀਟਨ ਮੈਜਿਸਟ੍ਰੇਟ ਨੇ ਰਾਊਤ ਨੂੰ ਭਾਰਤੀ ਦੰਡਾਵਲੀ ਦੀ ਧਾਰਾ 500 (ਮਾਣਹਾਨੀ ਦੀ ਸਜ਼ਾ) ਦੇ ਤਹਿਤ ਦੋਸ਼ੀ ਠਹਿਰਾਇਆ ਅਤੇ ਉਸ ’ਤੇ 25,000 ਰੁਪਏ ਦਾ ਜੁਰਮਾਨਾ ਵੀ ਲਗਾਇਆ। ਇਸ ਦੇ ਕੁਝ ਘੰਟਿਆਂ ਬਾਅਦ ਹੀ ਮੈਜਿਸਟ੍ਰੇਟ ਨੇ ਫੈਸਲੇ ਖਿਲਾਫ ਅਪੀਲ ਦਾਇਰ ਕਰਨ ਲਈ ਮੋਹਲਤ ਦਿੰਦਿਆਂ ਸਜ਼ਾ 30 ਦਿਨਾਂ ਲਈ ਮੁਅੱਤਲ ਕਰ ਦਿੱਤੀ। ਮੇਧਾ ਸੋਮਈਆ ਨੇ ਵਕੀਲ ਵਿਵੇਕਾਨੰਦ ਗੁਪਤਾ ਰਾਹੀਂ ਦਾਇਰ ਆਪਣੀ ਸ਼ਿਕਾਇਤ ਵਿਚ ਦੋਸ਼ ਲਾਏ ਸਨ ਕਿ ਰਾਊਤ ਨੇ ਉਸ ਦੇ (ਮੇਧਾ) ਅਤੇ ਉਸ ਦੇ ਪਤੀ ਖਿਲਾਫ ਬੇਬੁਨਿਆਦ ਅਤੇ ਪੂਰੀ ਤਰ੍ਹਾਂ ਨਾਲ ਅਪਮਾਨਜਨਕ ਦੋਸ਼ ਲਗਾਏ ਹਨ। ਰਾਊਤ ਨੇ ਉਨ੍ਹਾਂ ’ਤੇ ਮੀਰਾ ਭਾਈਦਰ ਨਗਰ ਨਿਗਮ ਦੇ ਅਧਿਕਾਰ ਖੇਤਰ ਦੇ ਅਧੀਨ ਕੁਝ ਜਨਤਕ ਪਖਾਨਿਆਂ ਦੇ ਨਿਰਮਾਣ ਅਤੇ ਸਾਂਭ-ਸੰਭਾਲ ਲਈ 100 ਕਰੋੜ ਰੁਪਏ ਦੇ ਘੁਟਾਲੇ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।