ਇਕ ਅਰੁਣਾਚਲ ਦਾ ਹੋਸਟਲ ਵਾਰਡਨ ਤੇ ਦੂਜਾ ਕੋਲਕਾਤਾ ਦਾ ਬੱਚੀ ਦਾ ਗਵਾਂਢੀ
ਗੁਹਾਟੀ : ਅਰੁਣਾਚਲ ਪ੍ਰਦੇਸ਼ ਦੇ ਯੂਪੀਆ ਦੀ ਸਪੈਸ਼ਲ ਕੋਰਟ ਨੇ ਸ਼ੀ-ਯੋਮ ਜ਼ਿਲ੍ਹੇ ਦੇ ਕਾਰੋ ਸਰਕਾਰੀ ਰਿਹਾਇਸ਼ੀ ਸਕੂਲ ਵਿਚ 6 ਤੋਂ 15 ਸਾਲ ਦੀਆਂ 15 ਕੁੜੀਆਂ ਸਣੇ 21 ਵਿਦਿਆਰਥੀਆਂ ਦੇ 2014 ਤੋਂ 2022 ਤੱਕ ਯੌਨ ਸ਼ੋਸ਼ਣ ਦੇ ਮਾਮਲੇ ਵਿਚ ਹੋਸਟਲ ਵਾਰਡਨ ਨੂੰ ਵੀਰਵਾਰ ਮੌਤ ਦੀ ਸਜ਼ਾ ਸੁਣਾਈ। ਸਪੈਸ਼ਲ ਜੱਜ ਜਵੇਪਲੂ ਚਾਈ ਨੇ ਵਾਰਡਨ ਯੁਮਕੇਨ ਬਾਗੜਾ ਨੂੰ ਮੌਤ ਦੀ ਸਜ਼ਾ ਸੁਣਾਉਣ ਤੋਂ ਇਲਾਵਾ ਸਾਬਕਾ ਹੈੱਡਮਾਸਟਰ ਸਿੰਗਤੁੰਗ ਯੋਰਪੇਨ ਤੇ ਹਿੰਦੀ ਟੀਚਰ ਮਾਰਬੋਮ ਨਗੋਮਦੀਰ ਨੂੰ ਵੀ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਰਾਖੀ ਬਾਰੇ ਕਾਨੂੰਨ (ਪੋਕਸੋ) ਹੇਠ ਅਪਰਾਧ ਲਈ ਉਕਸਾਉਣ ਅਤੇ ਅਪਰਾਧ ਦੀ ਰਿਪੋਰਟ ਨਾ ਕਰਨ ’ਤੇ 20-20 ਸਾਲ ਦੀ ਸਜ਼ਾ ਸੁਣਾਈ। ਜਾਂਚ ਵਿਚ ਸਾਹਮਣੇ ਆਇਆ ਸੀ ਕਿ ਬਾਗੜਾ ਨੇ ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਕੀਤਾ। ਕੁਝ ਵਿਦਿਆਰਥੀਆਂ ਨੇ ਯੋਰਪੇਨ ਨੂੰ ਸ਼ਿਕਾਇਤ ਕੀਤੀ ਸੀ, ਪਰ ਉਸ ਨੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾ, ਤਾਂ ਜੋ ਸਕੂਲ ਦੀ ਰੈਪੂਟੇਸ਼ਨ ਖਰਾਬ ਨਾ ਹੋ ਜਾਵੇ।
ਪੋਕਸੋ ਸਪੈਸ਼ਲ ਕੋਰਟ ਵਿਚ 21 ਵਿਦਿਆਰਥੀਆਂ ਦੀ ਪੈਰਵੀ ਕਰਨ ਵਾਲੇ ਓਯਮ ਬਿੰਗੇਪ ਨੇ ਕਿਹਾਅਸੀਂ ਕੋਰਟ ਦੇ ਫੈਸਲੇ ਤੋਂ ਖੁਸ਼ ਹਾਂ, ਕਿਉਕਿ ਉਸ ਨੇ ਸਾਡੀਆਂ ਇਬਰਤਨਾਕ ਸਜ਼ਾ ਦੇਣ ਦੀਆਂ ਦਲੀਲਾਂ ਮੰਨ ਲਈਆਂ। ਇਹ ਭਾਰਤ ਵਿਚ ਕਿਸੇ ਦੋਸ਼ੀ ਨੂੰ ਅਜਿਹੀ ਪਹਿਲੀ ਮੌਤ ਦੀ ਸਜ਼ਾ ਹੈ, ਜਿਸ ਵਿਚ ਪੀੜਤਾਂ ਦੀ ਮੌਤ ਨਹੀਂ ਹੋਈ। ਦੋ ਹੋਰ ਮੁਲਜ਼ਮਾਂ ਟੀਚਰ ਤਾਜੁੰਗ ਯੋਰਪੇਨ ਤੇ ਵਾਰਡਨ ਦੇ ਵਾਕਫ ਡੈਨੀਅਲ ਪਰਟੀਨ ਨੂੰ ਫਾਜ਼ਲ ਜੱਜ ਨੇ ਬਰੀ ਕਰ ਦਿੱਤਾ।