ਨਵੀਂ ਦਿੱਲੀ : ਅੰਗਰੇਜ਼ੀ ਦੇ ਨਾਮੀ ਕਵੀ ਅਤੇ ਸਾਬਕਾ ਆਈ ਪੀ ਐੱਸ ਅਫਸਰ ਕੇਕੀ ਐੱਨ ਦਾਰੂਵਾਲਾ ਦਾ ਲੰਮੀ ਬਿਮਾਰੀ ਅਤੇ ਨਿਮੋਨੀਆ ਦੀ ਸਮੱਸਿਆ ਕਾਰਨ ਵੀਰਵਾਰ ਰਾਤ ਦਿੱਲੀ ਦੇ ਹਸਪਤਾਲ ਵਿਚ ਦੇਹਾਂਤ ਹੋ ਗਿਆ | ਉਹ 87 ਵਰਿ੍ਹਆਂ ਦੇ ਸਨ |
ਦਾਰੂਵਾਲਾ ਭਾਰਤ ਦੇ ਬਹੁਤ ਹੀ ਨਾਮੀ ਅੰਗਰੇਜ਼ੀ ਕਵੀਆਂ ਤੇ ਲੇਖਕਾਂ ਵਿਚ ਸ਼ੁਮਾਰ ਸਨ | ਉਨ੍ਹਾ ਦੀ ਧੀ ਅਨਾਹਿਤਾ ਕਪਾਡੀਆ ਨੇ ਦੱਸਿਆ—ਇਕ ਸਾਲ ਪਹਿਲਾਂ ਉਨ੍ਹਾ ਨੂੰ ਸਟਰੋਕ ਆਇਆ ਸੀ ਅਤੇ ਉਦੋਂ ਤੋਂ ਹੀ ਉਹ ਠੀਕ ਨਹੀਂ ਸਨ | ਉਨ੍ਹਾ ਨੂੰ ਸਟਰੋਕ ਨਾਲ ਸੰਬੰਧਤ ਕਈ ਸਮੱਸਿਆਵਾਂ ਸਨ, ਪਰ ਉਨ੍ਹਾ ਦੀ ਮੌਤ ਸਟਰੋਕ ਕਾਰਨ ਨਹੀਂ, ਸਗੋਂ ਮੂਲ ਰੂਪ ਵਿਚ ਨਿਮੋਨੀਆ ਕਾਰਨ ਹੋਈ ਹੈ |
ਉਹ ਆਪਣੇ ਪਿੱਛੇ ਦੋ ਧੀਆਂ ਅਨਾਹਿਤਾ ਤੇ ਰੂਕਵੀਨ, ਦੋਵਾਂ ਦੇ ਪਤੀ ਤੇ ਦੋਹਤੇ-ਦੋਹਤਰੀਆਂ ਛੱਡ ਗਏ ਹਨ | ਉਨ੍ਹਾ ਨੂੰ ਆਪਣੀਆਂ ਨਿੱਕੀਆਂ ਕਹਾਣੀਆਂ ਲਈ ਵੀ ਜਾਣਿਆ ਜਾਂਦਾ ਹੈ | 1937 ‘ਚ ਪਾਰਸੀ ਪਰਵਾਰ ‘ਚ ਲਾਹੌਰ ਵਿਚ ਜਨਮੇ ਦਾਰੂਵਾਲਾ ਨੇ ਪੜ੍ਹਾਈ ਲੁਧਿਆਣਾ ਦੇ ਸਰਕਾਰੀ ਕਾਲਜ ਵਿੱਚੋਂ ਕੀਤੀ ਸੀ | ਉਨ੍ਹਾ ਦਾ ਪਰਵਾਰ ਰੌਲਿਆਂ ਤੋਂ ਪਹਿਲਾਂ ਜੂਨਾਗੜ੍ਹ ਆ ਗਿਆ ਸੀ ਤੇ ਫਿਰ ਉੱਥੋਂ ਯੂ ਪੀ ਦੇ ਰਾਮਪੁਰ ਚਲੇ ਗਿਆ ਸੀ | ਉਹ 1958 ‘ਚ ਭਾਰਤੀ ਪੁਲਸ ਸਰਵਿਸਿਜ਼ (ਉੱਤਰ ਪ੍ਰਦੇਸ਼ ਕੇਡਰ) ਵਿਚ ਭਰਤੀ ਹੋਏ ਸਨ | ਉਹ ਮੌਕੇ ਦੇ ਪ੍ਰਧਾਨ ਮੰਤਰੀ ਚਰਨ ਸਿੰਘ ਦੇ ਕੌਮਾਂਤਰੀ ਮਾਮਲਿਆਂ ਬਾਰੇ ਵਿਸ਼ੇਸ਼ ਸਹਾਇਕ ਵੀ ਰਹੇ ਅਤੇ ਆਈ ਪੀ ਐੱਸ ਅਧਿਕਾਰੀ ਵਜੋਂ ਅਹਿਮ ਅਹੁਦਿਆਂ ਉਤੇ ਸੇਵਾ ਨਿਭਾਈ, ਜਿਨ੍ਹਾ ਵਿਚ ਸਕੱਤਰ ਰਾਅ ਵੀ ਸ਼ਾਮਲ ਹੈ | ਉਹ 2011 ਤੋਂ 2014 ਤੱਕ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਵੀ ਰਹੇ | ਉਨ੍ਹਾ ਨੂੰ 2014 ਵਿਚ ਪਦਮਸ੍ਰੀ ਨਾਲ ਨਿਵਾਜਿਆ ਗਿਆ | ਉਨ੍ਹਾ ਦਾ ਅਖਬਾਰ ‘ਦੀ ਟਿ੍ਬਿਊਨ’ ਵਿਚ ਛਪਦਾ ਕਾਲਮ ‘ਮਸਿੰਗਜ਼ ਐਂਡ ਮੈਲੇਡਿਕਸ਼ਨਜ਼’ ਕਾਫੀ ਪਾਪੂਲਰ ਰਿਹਾ |
ਉਨ੍ਹਾ ਐਮਰਜੈਂਸੀ ਦੌਰਾਨ ‘ਵਿੰਟਰ ਪੋਇਮਜ਼’ ਨਾਂਅ ਦਾ ਕਾਵਿ-ਸੰਗ੍ਰਹਿ ਕੱਢਿਆ, ਜਿਸ ਵਿਚ ਉਨ੍ਹਾ ਰਾਜਕੀ ਸੱਤਾ ਦੀ ਦੁਰਵਰਤੋਂ ਬਾਰੇ ਆਪਣੇ ਅੰਦਰੂਨੀ ਗੱੁਸੇ ਦਾ ਇਜ਼ਹਾਰ ਕੀਤਾ | 1984 ਵਿਚ ਉਨ੍ਹਾ ਨੂੰ ਕਾਵਿ-ਸੰਗ੍ਰਹਿ ‘ਦੀ ਕੀਪਰ ਆਫ ਦੀ ਡੈੱਡ’ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ | ਤਿੰਨ ਦਹਾਕਿਆਂ ਬਾਅਦ ਅਸਹਿਣਸ਼ੀਲਤਾ ਵਿਚ ਵਾਧੇ ਵਿਰੁੱਧ ਪੋ੍ਰਟੈੱਸਟ ਵਜੋਂ ਉਨ੍ਹਾ ਸਾਹਿਤ ਅਕਾਦਮੀ ਪੁਰਸਕਾਰ ਮੋੜਨ ਬਾਰੇ ਦੂਜੀ ਵਾਰ ਨਹੀਂ ਸੋਚਿਆ | ਅਕਾਦਮੀ ਪ੍ਰਧਾਨ ਨੂੰ ਲਿਖੇ ਪੱਤਰ ਵਿਚ ਉਨ੍ਹਾ ਕਿਹਾ—ਦੁੱਖ ਦੀ ਗੱਲ ਹੈ ਕਿ ਹਾਲੀਆ ਮਹੀਨਿਆਂ ਵਿਚ ਅਕਾਦਮੀ ਨੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਖਤਰੇ ਵਿਰੁੱਧ ਬਣਦਾ ਦਲੇਰਾਨਾ ਸਟੈਂਡ ਨਹੀਂ ਲਿਆ | ਇਹ ਸਿਆਸੀ ਦਬਾਅ ਦਾ ਸਾਹਮਣਾ ਕਰਨ ਵਾਲੇ ਲੇਖਕਾਂ ਦੇ ਹੱਕ ਵਿਚ ਨਹੀਂ ਖੜ੍ਹੀ ਹੋਈ |