ਜਲੰਧਰ (ਸ਼ੈਲੀ ਐਲਬਰਟ)
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਪੁਲਿਸ ਕਮਿਸ਼ਨਰੇਟ ਨੇ 196 ਜਾਲ੍ਹੀ ਡਿਗਰੀਆਂ ਬਰਾਮਦ ਕਰਕੇ ਫਰਜ਼ੀ ਡਿਗਰੀ ਘੁਟਾਲੇ ਵਿੱਚ ਸ਼ਾਮਲ ਅੰਤਰਰਾਜੀ ਗਰੋਹ ਦਾ ਪਰਦਾ ਫਾਸ਼ ਕੀਤਾ ਹੈ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗਰੋਹ ਚੱਲ ਰਿਹਾ ਹੈ, ਜੋ ਜਾਲ੍ਹੀ ਡਿਗਰੀਆਂ ਦਾ ਕਾਰੋਬਾਰ ਕਰ ਰਿਹਾ ਹੈ। ਪੁਲਸ ਨੇ ਪੁਸ਼ਕਰ ਗੋਇਲ ਵਾਸੀ ਮੇਨ ਬਜ਼ਾਰ ਨੇੜੇ ਆਟਾ ਚੱਕੀ, ਫੱਤੂਢੀਂਗਾ, ਕਪੂਰਥਲਾ, ਜੋ ਕਿ ਹੁਣ ਕੋਠੀ ਨੰਬਰ 96-ਏ, ਗ੍ਰੀਨ ਪਾਰਕ, ਜਲੰਧਰ ਰਹਿੰਦਾ ਹੈ ਅਤੇ ਵਰਿੰਦਰ ਕੁਮਾਰ ਵਾਸੀ 253, ਮੋਤਾ ਸਿੰਘ ਨਗਰ, ਜਲੰਧਰ ਨੂੰ ਗਿ੍ਰਫ਼ਤਾਰ ਕੀਤਾ। ਇਨ੍ਹਾਂ ਕੋਲੋਂ 196 ਜਾਲ੍ਹੀ ਡਿਗਰੀਆਂ, 53 ਸਟੈਂਪ, 16 ਪਾਸਪੋਰਟ, ਛੇ ਲੈਪਟਾਪ, ਤਿੰਨ ਪਿ੍ਰੰਟਰ, ਇੱਕ ਸਟੈਂਪ ਬਣਾਉਣ ਵਾਲੀ ਮਸ਼ੀਨ ਅਤੇ ਅੱਠ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮੁਕੱਦਮਾ ਬੀ ਐੱਨ ਐੱਸ ਥਾਣਾ ਸਦਰ ਜਲੰਧਰ ਵਿਖੇ ਦਰਜ ਕੀਤਾ ਗਿਆ ਹੈ।
ਉਨ੍ਹਾ ਕਿਹਾ ਕਿ ਇੰਜੀਨੀਅਰਿੰਗ, ਮੈਡੀਕਲ, ਮੈਨੇਜਮੈਂਟ ਸਮੇਤ ਵੱਖ-ਵੱਖ ਕੋਰਸਾਂ ਲਈ ਫਰਜ਼ੀ ਡਿਗਰੀਆਂ ਬਰਾਮਦ ਕੀਤੀਆਂ ਗਈਆਂ ਹਨ। ਇਹ ਗਰੋਹ ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂ ਪੀ ਸਮੇਤ ਕਈ ਹੋਰ ਰਾਜਾਂ ਵਿੱਚ ਕੰਮ ਕਰਦਾ ਸੀ।
ਪੁਲਸ ਕਮਿਸ਼ਨਰ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਵਿੱਚ ਫਰਜ਼ੀ ਡਿਗਰੀਆਂ ਸਪਲਾਈ ਕਰਨ ਵਾਲਿਆਂ ਦੇ ਦੇਸ਼-ਵਿਆਪੀ ਨੈੱਟਵਰਕ ਦਾ ਖੁਲਾਸਾ ਹੋਇਆ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਕੇਸ ਦੇ ਮੁੱਖ ਮੁਲਜ਼ਮ ਪੁਸ਼ਕਰ ਗੋਇਲ ਖ਼ਿਲਾਫ਼ ਪਹਿਲਾਂ ਹੀ ਦੋ ਕੇਸ ਪੈਂਡਿੰਗ ਹਨ।