ਲੁਧਿਆਣਾ : ਮਸ਼ਹੂਰ ਟੈਕਸਟਾਈਲ ਸਪਿਨਿੰਗ ਕੰਪਨੀ ਵਰਧਮਾਨ ਗਰੁੱਪ ਦੇ ਚੇਅਰਮੈਨ ਐੱਸ ਪੀ ਓਸਵਾਲ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੇ ਨਾਂਅ ’ਤੇ ਗਿ੍ਰਫਤਾਰ ਕਰਨ ਤੇ ਮਾਣਹਾਨੀ ਦੀ ਧਮਕੀ ਦੇ ਕੇ 7 ਕਰੋੜ ਦੀ ਠੱਗੀ ਕਰ ਲਈ ਗਈ। ਉਨ੍ਹਾ ਨੂੰ ਜਾਇਦਾਦ ਸੀਲ ਕਰਨ ਤੇ ਗਿ੍ਰਫਤਾਰ ਕਰਨ ਲਈ ਫਰਜ਼ੀ ਵਾਰੰਟ ਭੇਜ ਕੇ ਪੈਸੇ ਲੈ ਲਏ ਗਏ। ਜਦੋਂ ਓਸਵਾਲ ਨੂੰ ਧੋਖਾਧੜੀ ਦੀ ਭਿਣਕ ਲੱਗੀ ਤਾਂ ਉਨ੍ਹਾ ਲੁਧਿਆਣਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਕੇਸ ਦਰਜ ਕਰਕੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੀ ਮਦਦ ਨਾਲ ਦੋ ਠੱਗ ਅਸਾਮ ਦੇ ਗੁਹਾਟੀ ਤੋਂ ਗਿ੍ਰਫਤਾਰ ਕਰ ਲਏ ਹਨ।
ਮੁੱਖ ਤੌਰ ’ਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਨ੍ਹਾਂ ਮੁਲਜ਼ਮਾਂ ਕੋਲੋਂ 5.25 ਕਰੋੜ ਰੁਪਏ, ਛੇ ਏ ਟੀ ਐੱਮ ਕਾਰਡ ਤੇ ਤਿੰਨ ਮੋਬਾਈਲ ਬਰਾਮਦ ਕੀਤੇ ਗਏ ਹਨ। ਪੁਲਸ ਦੀਆਂ ਚਾਰ ਟੀਮਾਂ ਇਕ ਔਰਤ ਸਮੇਤ 7 ਹੋਰ ਮੁਲਜ਼ਮਾਂ ਨੂੰ ਨੱਪਣ ਲਈ ਬੰਗਾਲ ਤੇ ਆਸਾਮ ਲਈ ਗਈਆਂ ਹਨ। ਗਿ੍ਰਫਤਾਰ ਕੀਤੇ ਗਏ ਮੁਲਜ਼ਮ ਗੁਹਾਟੀ ਵਾਸੀ ਅਤਨੂ ਚੌਧਰੀ ਤੇ ਅਨੰਤ ਕੁਮਾਰ ਚੌਧਰੀ ਹਨ। ਦੱਸਿਆ ਜਾ ਰਿਹਾ ਹੈ ਕਿ ਪੈਸੇ ਦੀ ਇਹ ਬਰਾਮਦਗੀ ਦੇਸ਼ ’ਚ ਆਨਲਾਈਨ ਧੋਖਾਧੜੀ ਦੇ ਮਾਮਲੇ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਹੈ।
ਐੱਸ ਪੀ ਓਸਵਾਲ ਨੂੰ 2010 ’ਚ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਵਰਧਮਾਨ ਗਰੁੱਪ ਦੇਸ਼ ਦੇ ਮਸ਼ਹੂਰ ਗਰੁੱਪਾਂ ਵਿੱਚੋਂ ਇੱਕ ਹੈ। ਇਸ ਦੀਆਂ ਵਿਦੇਸ਼ਾਂ ’ਚ ਵੀ ਸ਼ਾਖਾਵਾਂ ਹਨ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਐੱਸ ਪੀ ਓਸਵਾਲ ਨੇ ਦੱਸਿਆ ਕਿ ਹਾਲ ਹੀ ’ਚ ਉਨ੍ਹਾ ਦੇ ਮੋਬਾਈਲ ’ਤੇ ਇੱਕ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਦੱਸਿਆ ਕਿ ਉਹ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਸੁਪਰੀਮ ਕੋਰਟ ਵੱਲੋਂ ਉਸ ਦੇ ਨਾਂਅ ’ਤੇ ਗਿ੍ਰਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾ ਦੀ ਜਾਇਦਾਦ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਠੱਗਾਂ ਨੇ ਸੁਪਰੀਮ ਕੋਰਟ ਦੇ ਨਾਲ-ਨਾਲ ਈ ਡੀ, ਸੀ ਬੀ ਆਈ, ਕਸਟਮ ਵਿਭਾਗ ਦਾ ਹਵਾਲਾ ਦਿੱਤਾ। ਇੱਕ ਦਿਨ ਠੱਗਾਂ ਨੇ ਉਸ ਨੂੰ ਵੀਡੀਓ ਕਾਲ ਕੀਤੀ, ਜਿਸ ’ਚ ਇੱਕ ਮੁਲਜ਼ਮ ਉਨ੍ਹਾ ਨਾਲ ਅੰਗਰੇਜ਼ੀ ’ਚ ਗੱਲ ਕਰ ਰਿਹਾ ਸੀ। ਗੱਲ ਕਰਨ ਦੇ ਲਹਿਜ਼ੇ ਤੋਂ ਲੱਗਿਆ ਕਿ ਉਹ ਕਾਫੀ ਪੜ੍ਹਿਆ-ਲਿਖਿਆ ਹੈ। ਉਹ ਵਾਰ-ਵਾਰ ਵਰਧਮਾਨ ਅਤੇ ਆਪਣਾ ਨਾਂਅ ਲੈ ਰਿਹਾ ਸੀ।
ਮੁਲਜ਼ਮਾਂ ਨੇ ਓਸਵਾਲ ਨੂੰ ਫੋਨ ਕਰਕੇ ਕਿਹਾ ਕਿ ਉਨ੍ਹਾ ਦਾ ਨਾਂਅ ਵੀ ਉਸ ਕੇਸ ’ਚ ਸ਼ਾਮਲ ਹੈ, ਜਿਸ ’ਚ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ। ਜਦੋਂ ਉਹ ਨਹੀਂ ਮੰਨੇ ਤਾਂ ਸੁਪਰੀਮ ਕੋਰਟ ਦੀ ਤਰਫੋਂ ਜਾਇਦਾਦ ਸੀਲ ਕਰਨ ਦੇ ਹੁਕਮ ਦੇ ਨਾਲ-ਨਾਲ ਉਨ੍ਹਾ ਦੀ ਗਿ੍ਰਫਤਾਰੀ ਲਈ ਵਾਰੰਟ ਵੀ ਭੇਜ ਦਿੱਤੇ। ਹੌਲੀ-ਹੌਲੀ ਠੱਗਾਂ ਨੇ ਉਨ੍ਹਾ ਨੂੰ ਆਪਣੇ ਜਾਲ ’ਚ ਫਸਾ ਲਿਆ।
ਜਦੋਂ ਓਸਵਾਲ ਨੂੰ ਯਕੀਨ ਹੋ ਗਿਆ ਕਿ ਉਨ੍ਹਾ ਦੇ ਖਿਲਾਫ ਗਿ੍ਰਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ, ਤਾਂ ਉਨ੍ਹਾ ਠੱਗਾਂ ਤੋਂ ਸੁਰੱਖਿਆ ਦੀ ਮੰਗ ਕੀਤੀ। ਠੱਗਾਂ ਨੇ ਬਚਾਉਣ ਅਤੇ ਕੇਸ ਵਿੱਚੋਂ ਬਾਹਰ ਕਰਾਉਣ ਲਈ 7 ਕਰੋੜ ਰੁਪਏ ਦੀ ਮੰਗ ਕੀਤੀ। ਉਨ੍ਹਾ ਮੁਲਜ਼ਮਾਂ ਨੂੰ ਪੈਸੇ ਦੇ ਦਿੱਤੇ। ਓਸਵਾਲ ਨੇ ਦੱਸਿਆ ਕਿ ਠੱਗਾਂ ਨੂੰ ਦੇਸ਼ ਦੀਆਂ ਸਰਕਾਰੀ ਏਜੰਸੀਆਂ ਬਾਰੇ ਪੂਰੀ ਜਾਣਕਾਰੀ ਸੀ। ਕਾਨੂੰਨ ਦੀ ਵੀ ਚੰਗੀ ਜਾਣਕਾਰੀ ਸੀ। ਠੱਗ ਵਾਰ-ਵਾਰ ਕਹਿ ਰਿਹਾ ਸੀ ਕਿ ਤੁਸੀਂ ਵਰਧਮਾਨ ਗਰੁੱਪ ਦੇ ਮਾਲਕ ਹੋ ਅਤੇ ਦੇਸ਼ ’ਚ ਤੁਹਾਡੀ ਵੱਖਰੀ ਪਛਾਣ ਹੈ। ਠੱਗਾਂ ਨੇ ਮਾਣਹਾਨੀ ਦਾ ਡਰ ਦਿਖਾਉਂਦੇ ਹੋਏ ਕਿਹਾ ਕਿ ਸੁਰੱਖਿਆ ਚਾਹੀਦੀ ਹੈ ਤਾਂ ਦੇਖ ਲਓ, ਨਹੀਂ ਤਾਂ ਤੁਹਾਡੀ ਮਰਜ਼ੀ ਹੈ, ਗਿ੍ਰਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ, ਇਸ ਨਾਲ ਤੁਹਾਡੀ ਕੰਪਨੀ ਦਾ ਨਾਂਅ ਬਦਨਾਮ ਹੋਵੇਗਾ। ਠੱਗ ਉਨ੍ਹਾ ਨੂੰ ਗਿ੍ਰਫਤਾਰੀ ਵਾਰੰਟਾਂ ਬਾਰੇ ਵਾਰ-ਵਾਰ ਦੱਸ ਕੇ ਕਹਿੰਦੇ ਰਹੇ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਤੁਸੀਂ ਕਿਰਪਾ ਕਰਕੇ ਜਾਂਚ ’ਚ ਸਹਿਯੋਗ ਕਰੋ। ਉਹ ਤੁਹਾਨੂੰ ਅਤੇ ਕੰਪਨੀ ਨੂੰ ਬਦਨਾਮ ਨਹੀਂ ਹੋਣ ਦੇਣਗੇ, ਕਿਉਂਕਿ ਉਹ ਜਾਣਦੇ ਹਨ ਕਿ ਤੁਸੀਂ ਸਤਿਕਾਰਯੋਗ ਵਿਅਕਤੀ ਹੋ।
ਓਸਵਾਲ ਨਾਲ ਧੋਖਾਧੜੀ ਕਰਨ ਤੋਂ ਪਹਿਲਾਂ ਠੱਗਾਂ ਨੇ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਦੇ ਇੱਕ ਹੋਰ ਕਾਰੋਬਾਰੀ ਰਜਨੀਸ਼ ਆਹੂਜਾ ਨਾਲ ਇੱਕ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਸੀ। ਉਹ ਠੱਗ ਵੀ ਬੋਲਣ ਤੋਂ ਕਾਫੀ ਪੜ੍ਹੇ-ਲਿਖੇ ਜਾਪਦੇ ਸਨ।