ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਸਦ ‘ਚ ਗੈਰ-ਹਾਜ਼ਰੀ ਸੰਬੰਧੀ ਵਿਅੰਗ ਕਰਦਿਆਂ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇਸ਼ ਦੀ ਸੰਸਦ ਨਾਲੋਂ ਵਿਦੇਸ਼ੀ ਸੰਸਦ ‘ਚ ਜ਼ਿਆਦਾ ਬੋਲਦੇ ਹਨ | ਇਥੇ ਕਿਤਾਬ ਜਾਰੀ ਕਰਨ ਸੰਬੰਧੀ ਸਮਾਗਮ ਵਿਚ ਥਰੂਰ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਕਾਰਜਸ਼ੈਲੀ ਦੀ ਤੁਲਨਾ ਕੀਤੀ | ਜਮਹੂਰੀਅਤ, ਜਮਹੂਰੀ ਸੰਸਥਾਵਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਲੈ ਕੇ ਦੋਵਾਂ ਪ੍ਰਧਾਨ ਮੰਤਰੀਆਂ ਦੀ ਵਿਚਾਰਧਾਰਾ ਦੀ ਤੁਲਨਾ ਕਰਦਿਆਂ ਉਨ੍ਹਾ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਸੰਸਦ ਦੇ ਮੁਕਾਬਲੇ ਵਿਦੇਸ਼ੀ ਸੰਸਦਾਂ ‘ਚ ਜ਼ਿਆਦਾ ਭਾਸ਼ਣ ਦਿੱਤੇ ਹਨ, ਜੋ ਕਿ ਨਹਿਰੂ ਦੇ ਉਲਟ ਹੈ | 1962 ਦੀ ਭਾਰਤ-ਚੀਨ ਜੰਗ ਨੂੰ ਯਾਦ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ ਕਿ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸੰਸਦ ਦਾ ਸੈਸ਼ਨ ਬੁਲਾ ਕੇ ਮੁੱਦਿਆਂ ‘ਤੇ ਚਰਚਾ ਕੀਤੀ ਸੀ, ਅੱਜ ਭਾਰਤ-ਚੀਨ ਵਿਚਾਲੇ ਸਰਹੱਦੀ ਮੁੱਦਿਆਂ ‘ਤੇ ਸਵਾਲ ਉਠਾਉਣ ਦੀ ਵੀ ਇਜਾਜ਼ਤ ਨਹੀਂ ਹੈ |