25.4 C
Jalandhar
Friday, October 18, 2024
spot_img

ਅਸ਼ੋਕ ਤੰਵਰ ਮੋੜ-ਘੋੜ ਕੇ ਕਾਂਗਰਸ ’ਚ

ਮਹਿੰਦਰਗੜ੍ਹ : ਸਾਬਕਾ ਸਾਂਸਦ ਅਸ਼ੋਕ ਤੰਵਰ ਨੇ ਵੀਰਵਾਰ ਕਾਂਗਰਸ ਵਿਚ ਵਾਪਸੀ ਕਰ ਲਈ। ਉਸ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਸਿਰਸਾ (ਰਿਜ਼ਰਵ) ਸੀਟ ਭਾਜਪਾ ਉਮੀਦਵਾਰ ਵਜੋਂ ਲੜੀ ਸੀ ਤੇ ਕੁਮਾਰੀ ਸ਼ੈਲਜਾ ਤੋਂ ਹਾਰ ਗਿਆ ਸੀ। ਉਸ ਦੀ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਭਵਾਨੀਆ ਵਿਚ ਰੈਲੀ ਦੌਰਾਨ ਰਾਹੁਲ ਗਾਂਧੀ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਵਾਪਸੀ ਕਰਵਾਈ।
ਤੰਵਰ 20 ਜਨਵਰੀ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਤੇ ਵੇਲੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮੌਜੂਦਗੀ ਵਿਚ ਭਾਜਪਾ ਵਿਚ ਸ਼ਾਮਲ ਹੋਇਆ ਸੀ। ਉਦੋਂ ਖੱਟਰ ਨੇ ਉਸ ਨੂੰ ਭਾਣਜਾ ਦੱਸਿਆ ਸੀ। ਤੰਵਰ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ 17 ਸਾਲ ਦੀ ਉਮਰ ਵਿਚ 1993 ’ਚ ਕਾਂਗਰਸ ਤੋਂ ਕੀਤੀ ਸੀ। ਉਹ 2003 ਵਿਚ ਐੱਨ ਐੱਸ ਯੂ ਆਈ ਦਾ ਪ੍ਰਧਾਨ ਬਣਿਆ ਤੇ 2005 ਵਿਚ ਯੂਥ ਕਾਂਗਰਸ ਦਾ ਕੁਲ ਹਿੰਦ ਪ੍ਰਧਾਨ ਬਣਿਆ। ਉਸ ਨੇ ਯੂਥ ਕਾਂਗਰਸ ਵਿਚ ਰਾਹੁਲ ਨਾਲ ਮਿਲ ਕੇ ਕੰਮ ਕੀਤਾ। ਫਰਵਰੀ 2014 ਵਿਚ ਰਾਹੁਲ ਨੇ ਉਸ ਨੂੰ ਹਰਿਆਣਾ ਕਾਂਗਰਸ ਦਾ ਪ੍ਰਧਾਨ ਬਣਾਇਆ। ਤੰਵਰ ਦੀ ਹੁੱਡਾ ਨਾਲ ਕਦੇ ਨਹੀਂ ਬਣੀ, ਜਿਸ ਕਰਕੇ ਉਸ ਨੇ 2019 ਵਿਚ ਕਾਂਗਰਸ ਛੱਡ ਦਿੱਤੀ ਤੇ 2022 ਵਿਚ ਆਪ ’ਚ ਸ਼ਾਮਲ ਹੋ ਗਿਆ। ਇਸ ਦਰਮਿਆਨ ਉਸ ਨੇ ਆਪਣੀ ਪਾਰਟੀ ਵੀ ਬਣਾਈ ਤੇ ਤਿ੍ਰਣਮੂਲ ਕਾਂਗਰਸ ਵੀ ਜੁਆਇਨ ਕੀਤੀ। ਤੰਵਰ ਨੇ ਭਾਜਪਾ ਵਿਚ ਸ਼ਾਮਲ ਹੋਣ ਵੇਲੇ ਕਿਹਾ ਸੀ ਕਿ ਮੋਦੀ ਦੀ ਅਗਵਾਈ ਵਿਚ ਦੇਸ਼ ਬਦਲ ਰਿਹਾ ਹੈ। ਦਿਲਚਸਪ ਗੱਲ ਹੈ ਕਿ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਕੁਝ ਘੰਟੇ ਪਹਿਲਾਂ ਤੰਵਰ ਜੀਂਦ ਜ਼ਿਲ੍ਹੇ ਦੇ ਸਫੀਦੋਂ ਵਿਚ ਭਾਜਪਾ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰ ਰਿਹਾ ਸੀ। ਜਦੋਂ ਰਾਹੁਲ ਆਪਣੀ ਤਕਰੀਰ ਸਮੇਟ ਰਹੇ ਸਨ ਤਾਂ ਸਟੇਜ ਤੋਂ ਐਲਾਨ ਹੋਇਆ ਕਿ ਦਰਸ਼ਕ ਕੁਝ ਮਿੰਟ ਹੋਰ ਬੈਠਣ। ਇਸੇ ਦਰਮਿਆਨ ਤੰਵਰ ਦੀ ਸਟੇਜ ’ਤੇ ਐਂਟਰੀ ਹੋਈ ਤੇ ਉਸ ਦੀ ਘਰ ਵਾਪਸੀ ਦਾ ਐਲਾਨ ਕਰ ਦਿੱਤਾ ਗਿਆ।
ਤੰਵਰ ਨੇ ਕਿਹਾਪੰਜ ਸਾਲ ਪਹਿਲਾਂ ਅੱਜ ਦੇ ਦਿਨ ਹੀ ਮੈਂ ਕਾਂਗਰਸ ਛੱਡੀ ਸੀ। ਕਾਂਗਰਸ ਛੱਡਣ ਦੇ ਬਾਵਜੂਦ ਮੈਂ ਇਸ ਦੇ ਕਈ ਆਗੂਆਂ ਦੇ ਸੰਪਰਕ ਵਿਚ ਰਿਹਾ। ਹੁਣ ਪਿਛਲੀਆਂ ਗੱਲਾਂ ਛੱਡੋ। ਹੁਣ ਮੈਂ ਤੇ ਕਾਂਗਰਸ ਹਰਿਆਣਾ ਨੂੰ ਨੰਬਰ ਇਕ ਬਣਾਉਣ ਲਈ ਜ਼ੋਰ ਲਾਵਾਂਗੇ।
ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਸੂਬਾਈ ਆਗੂਆਂ ਨੂੰ ਨਹੀਂ ਪਤਾ ਸੀ, ਪਰ ਤੰਵਰ ਰਾਹੁਲ ਗਾਂਧੀ ਦੇ ਸੰਪਰਕ ਵਿਚ ਹਮੇਸ਼ਾ ਰਿਹਾ। ਤੰਵਰ ਦਾ ਵਿਆਹ ਅਵਾਂਤਿਕਾ ਨਾਲ ਹੋਇਆ ਸੀ। ਉਸ ਦੀ ਮਾਤਾ ਗੀਤਾਂਜਲੀ ਤੇ ਪਿਤਾ ਲਲਿਤ ਮਾਕਨ ਨੂੰ ਦਹਿਸ਼ਤਗਰਦਾਂ ਨੇ ਦਿੱਲੀ ਵਿਚ 1985 ’ਚ ਮਾਰ ਦਿੱਤਾ ਸੀ। ਗਾਂਧੀ ਪਰਵਾਰ ਨੇ ਹੀ ਬਚਪਨ ਵਿਚ ਅਵਾਂਤਿਕਾ ਨੂੰ ਸੰਭਾਲਿਆ।
ਹਰਿਆਣਾ ਅਸੰਬਲੀ ਲਈ ਚੋਣ ਪ੍ਰਚਾਰ ਦਾ ਰੌਲਾ-ਗੌਲਾ ਵੀਰਵਾਰ ਖਤਮ ਹੋ ਗਿਆ। ਪੰਜ ਅਕਤੂਬਰ ਨੂੰ ਵੋਟਾਂ ਪੈਣਗੀਆਂ। ਹਰਿਆਣਾ ਦੇ ਨਾਲ-ਨਾਲ ਜੰਮੂ-ਕਸ਼ਮੀਰ ਅਸੰਬਲੀ ਦਾ ਨਤੀਜਾ 8 ਅਕਤੂਬਰ ਨੂੰ ਆਏਗਾ।

Related Articles

LEAVE A REPLY

Please enter your comment!
Please enter your name here

Latest Articles