ਨਵੀਂ ਦਿੱਲੀ : ਟੈਰਰ ਫੰਡਿੰਗ ਕੇਸ ਵਿਚ ਤਿਹਾੜ ਜੇਲ੍ਹ ’ਚ ਉਮਰ ਕੈਦ ਭੁਗਤ ਰਹੇ ਕਸ਼ਮੀਰੀ ਵੱਖਵਾਦੀ ਆਗੂ ਯਾਸਿਨ ਮਲਿਕ ਨੇ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂ ਏ ਪੀ ਏ) ਦੇ ਟਿ੍ਰਬਿਊਨਲ ਨੂੰ ਹਾਲ ਹੀ ਵਿਚ ਦਿੱਤੇ ਹਲਫੀਆ ਬਿਆਨ ਵਿਚ ਕਿਹਾ ਹੈ ਕਿ ਉਸ ਨੇ ਹਿੰਸਾ ਦਾ ਰਾਹ ਤਿਆਗ ਕੇ ਮੁਜ਼ਾਹਮਤ ਲਈ ਪੁਰਅਮਨ ਰਾਹ ਚੁਣ ਲਿਆ ਹੈ। ਉਸ ਨੇ ਕਿਹਾ ਹੈਮੈਂ ਹਥਿਆਰ ਛੱਡ ਦਿੱਤੇ ਹਨ, ਹੁਣ ਮੈਂ ਗਾਂਧੀਵਾਦੀ ਹਾਂ। ਮੈਂ ਪੁਰਅਮਨ ਢੰਗ ਨਾਲ ਮੁਤਹਿਦਾ ਤੇ ਆਜ਼ਾਦ ਕਸ਼ਮੀਰ ਚਾਹੁੰਦਾ ਹਾਂ। ਜੰਮੂ ਐਂਡ ਕਸ਼ਮੀਰ ਲਿਬਰੇਸ਼ਨ ਫਰੰਟ-ਯਾਸੀਨ ਦੇ ਬਾਨੀ ਵਜੋਂ ਮਲਿਕ 1990ਵਿਆਂ ਵਿਚ ਕਸ਼ਮੀਰ ’ਚ ਹਥਿਆਰਬੰਦ ਘੋਲ ਦਾ ਵਕੀਲ ਰਿਹਾ ਹੈ।
ਟਮਾਟਰ ਦੀ ਸੈਂਚੁਰੀ
ਨਵੀਂ ਦਿੱਲੀ : ਰਾਜਧਾਨੀ ਵਿਚ ਸ਼ਨੀਵਾਰ ਟਮਾਟਰ 20 ਰੁਪਏ ਮਹਿੰਗਾ ਹੋ ਕੇ 100 ਰੁਪਏ ਕਿੱਲੋ ’ਤੇ ਪੁੱਜ ਗਿਆ। ਤਿਉਹਾਰੀ ਸੀਜ਼ਨ ਦੌਰਾਨ ਮੰਗ ਵਧਣ ਤੇ ਸਪਲਾਈ ’ਚ ਕਮੀ ਕਾਰਨ ਟਮਾਟਰ ਮਹਿੰਗਾ ਹੋਇਆ ਹੈ।
ਵੋਲਵੋ ਖਤਾਨ ’ਚ ਉਲਟਣ ਨਾਲ 2 ਮੌਤਾਂ
ਚੰਡੀਗੜ੍ਹ : ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਪੀ ਆਰ ਟੀ ਸੀ ਦੀ ਵੋਲਵੋ ਬੱਸ ਸ਼ੁੱਕਰਵਾਰ ਦੇਰ ਸ਼ਾਮ ਸੰਗਰੂਰ ਜ਼ਿਲ੍ਹੇ ਵਿਚ ਭਵਾਨੀਗੜ੍ਹ ਨੇੜੇ ਪਿੰਡ ਬਾਲਦ ਕਲਾਂ ਕੋਲ ਖਤਾਨ ਵਿਚ ਉਲਟਣ ਕਾਰਨ ਔਰਤ ਸਮੇਤ ਦੋ ਸਵਾਰੀਆਂ ਦੀ ਮੌਤ ਹੋ ਗਈ, ਜਦੋਂਕਿ 30 ਤੋਂ ਜ਼ਿਆਦਾ ਜ਼ਖਮੀ ਹੋ ਗਏ। ਮਿ੍ਰਤਕਾਂ ਦੀ ਪਛਾਣ ਰਾਜਿੰਦਰ ਕੁਮਾਰ (28) ਪੁੱੱਤਰ ਰਾਮ ਸੁਭਾਗ, ਵਾਸੀ ਪਿੰਡ ਬਾਲਦ ਕਲਾਂ ਅਤੇ ਗੁਰਪ੍ਰੀਤ ਕੌਰ (50) ਵਾਸੀ ਪਿੰਡ ਤੁੰਗਵਾਲੀ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਗੰਭੀਰ ਜ਼ਖਮੀ ਹੋਏ 19 ਮੁਸਾਫਰਾਂ ਵਿੱਚੋਂ 16 ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰਨਾ ਪਿਆ। ਬੱਸ ਜਦੋਂ ਹਨੀ ਢਾਬੇ ਕੋਲ ਪੁੱਜੀ ਤਾਂ ਅਚਾਨਕ ਸੜਕ ਉਤੇ ਟੈਂਕਰ ਆ ਗਿਆ, ਜਿਸ ਨੂੰ ਓਵਰਟੇਕ ਕਰਦਿਆਂ ਬੱਸ ਬੇਕਾਬੂ ਹੋ ਕੇ ਸੜਕ ਕੰਢੇ ਉਲਟ ਗਈ।