ਪਟਨਾ : ਜਨਤਾ ਦਲ (ਯੂ) ਨੇ ਸ਼ਨੀਵਾਰ ਰਾਜਧਾਨੀ ’ਚ ਕਈ ਥਾਈਂ ਅਜਿਹੇ ਪੋਸਟਰ ਲਾਏ, ਜਿਨ੍ਹਾਂ ਵਿਚ ਇਸ ਦੇ ਪ੍ਰਧਾਨ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਭਾਰਤ ਰਤਨ ਪੁਰਸਕਾਰ ਦੇਣ ਦੀ ਮੰਗ ਕੀਤੀ ਗਈ ਹੈ। ਇਕ ਪੋਸਟਰ ਬੀਰ ਚੰਦ ਪਟੇਲ ਮਾਰਗ ਸਥਿਤ ਪਾਰਟੀ ਦੇ ਦਫਤਰ ਦੇ ਬਾਹਰ ਵੀ ਲਾਇਆ ਗਿਆ, ਜਿੱਥੇ ਨਿਤੀਸ਼ ਨੇ ਸੂਬਾ ਐਗਜ਼ੈਕਟਿਵ ਦੀ ਮੀਟਿੰਗ ਵਿਚ ਹਿੱਸਾ ਲਿਆ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ ਨਾਲ ਦੱਸਿਆ ਕਿ ਉਹ ਕਹਿ ਨਹੀਂ ਸਕਦੇ ਕਿ ਭਾਰਤ ਰਤਨ ਦੀ ਮੰਗ ਪਾਰਟੀ ਦਾ ਅਧਿਕਾਰਤ ਸਟੈਂਡ ਹੈ।
ਹੋ ਸਕਦਾ ਹੈ ਕਿ ਨਿਤੀਸ਼ ਪੋਸਟਰ ਦੇਖ ਕੇ ਨਾਰਾਜ਼ ਵੀ ਹੋਏ ਹੋਣ, ਪਰ ਵਰਕਰ ਸਮਝਦੇ ਹਨ ਕਿ ਜੀਤਨ ਮਾਝੀ ਦੇ ਕੁਝ ਮਹੀਨਿਆਂ ਨੂੰ ਛੱਡ ਕੇ 2005 ਤੋਂ ਲਗਾਤਾਰ ਮੁੱਖ ਮੰਤਰੀ ਚੱਲੇ ਆ ਰਹੇ ਨਿਤੀਸ਼ ਇਸ ਪੁਰਸਕਾਰ ਦੇ ਹੱਕਦਾਰ ਹਨ। ਉਧਰ, ਰਾਜਦ ਦੇ ਬੁਲਾਰੇ ਮਿ੍ਰਤਯੂੰਜੇ ਤਿਵਾੜੀ ਨੇ ਕਿਹਾ ਕਿ ਭਾਜਪਾ ਨਿਤੀਸ਼ ਕੁਮਾਰ ’ਤੇ ਮੁੱਖ ਮੰਤਰੀ ਦੀ ਕੁਰਸੀ ਖਾਲੀ ਕਰਨ ਲਈ ਦਬਾਅ ਬਣਾ ਰਹੀ ਹੈ, ਜਨਤਾ ਦਲ (ਯੂ) ਨੇ ਇਸ ਦੀ ਕਾਟ ਲਈ ਹੀ ਮੀਟਿੰਗ ਸੱਦੀ ਹੈ। ਭਾਰਤ ਰਤਨ ਦੀ ਮੰਗ ਕਰਨ ਦੇ ਪੋਸਟਰਾਂ ਤੋਂ ਲੱਗਦਾ ਹੈ ਕਿ ਪਾਰਟੀ ਉਖੜੀ ਹੋਈ ਹੈ।