ਪੱਟੀ (ਬਲਦੇਵ ਸਿੰਘ ਸੰਧੂ/
ਸ਼ਮਸ਼ੇਰ ਸਿੰਘ ਯੋਧਾ)
ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਸਨਸਨੀਖੇਜ਼ ਕਤਲ ਕੇਸ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪੰਜਾਬ ਪੁਲਸ ਨੇ ਮੰਗਲਵਾਰ ਤਰਨ ਤਾਰਨ ਤੋਂ ਗੁਰਵਿੰਦਰ ਸਿੰਘ ਉਰਫ ਬਾਬਾ ਉਰਫ ਰਾਜਾ ਵਜੋਂ ਇੱਕ ਮੁੱਖ ਮੁਲਜ਼ਮ ਨੂੰ ਗਿ੍ਫਤਾਰ ਕੀਤਾ ਹੈ | ਗੁਰਵਿੰਦਰ ਬਾਬਾ ਦੇ ਦੋ ਸਾਥੀਆਂ ਦੀ ਪਛਾਣ ਸੰਦੀਪ ਸਿੰਘ ਉਰਫ ਕਾਲਾ ਵਾਸੀ ਅੰਮਿ੍ਤਸਰ ਅਤੇ ਗੁਰਪ੍ਰੀਤ ਸਿੰਘ ਉਰਫ ਰੰਧਾਵਾ ਵਜੋਂ ਹੋਈ ਹੈ |
ਪੁਲਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗਰਨੇਡ, ਇੱਕ ਆਰ ਡੀ ਐੱਕਸ-ਆਈ ਈ ਡੀ, ਦੋ .30 ਬੋਰ ਦੇ ਪਿਸਤੌਲ ਸਮੇਤ ਮੈਗਜ਼ੀਨ ਅਤੇ 13 ਜ਼ਿੰਦਾ ਕਾਰਤੂਸ, 635 ਗ੍ਰਾਮ ਹੈਰੋਇਨ, 100 ਗ੍ਰਾਮ ਅਫੀਮ, 36.90 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਮਿਤਸੁਬੀਸੀ ਲੈਂਸਰ ਕਾਰ ਵੀ ਬਰਾਮਦ ਕੀਤੀ ਹੈ | ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਗੁਰਵਿੰਦਰ ਸਿੰਘ ਉਰਫ ਬਾਬਾ, ਜੋ ਕਿ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਦਾ ਭਗੌੜਾ ਹੈ, ਨੇ ਹਥਿਆਰ ਮੁਹੱਈਆ ਕਰਵਾ ਕੇ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਵਿੱਚ ਅਹਿਮ ਭੂਮਿਕਾ ਨਿਭਾਈ ਸੀ | ਉਨ੍ਹਾ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਗੁਰਵਿੰਦਰ ਬਾਬਾ ਬਦਨਾਮ ਗੈਂਗਸਟਰਾਂ ਸੁਖਪ੍ਰੀਤ ਸਿੰਘ ਉਰਫ ਹੈਰੀ ਚੱਠਾ ਅਤੇ ਸੁਖਮੀਤਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ ਦਾ ਨਜ਼ਦੀਕੀ ਸਾਥੀ ਹੈ, ਜੋ ਕਿ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਕੇਸ ਦੇ ਮੁੱਖ ਸ਼ੱਕੀ ਹਨ |
ਡੀ ਜੀ ਪੀ ਨੇ ਕਿਹਾ ਕਿ ਮੁਢਲੀ ਜਾਂਚ ਨੇ ਸੰਕੇਤ ਦਿੱਤਾ ਹੈ ਕਿ ਬਰਾਮਦ ਕੀਤੇ ਗਏ ਵਿਸਫੋਟਕ ਅਤੇ ਹਥਿਆਰ ਅਤੇ ਗੋਲਾ-ਬਾਰੂਦ ਦੀ ਵਰਤੋਂ ਸਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਅਤੇ ਪੰਜਾਬ ਰਾਜ ਵਿੱਚ ਸੁਤੰਤਰਤਾ ਦਿਵਸ/ ਆਲੇ-ਦੁਆਲੇ ਦਹਿਸ਼ਤ ਦੀ ਭਾਵਨਾ ਪੈਦਾ ਕਰਨ ਲਈ ਕੀਤੀ ਜਾਣੀ ਸੀ |
ਫਿਰੋਜ਼ਪੁਰ ਰੇਂਜ ਦੇ ਇੰਸਪੈਕਟਰ ਜਨਰਲ ਜਸਕਰਨ ਸਿੰਘ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਰੋਸੇਮੰਦ ਸੂਚਨਾਵਾਂ ਦੇ ਆਧਾਰ ‘ਤੇ ਗੁਰਵਿੰਦਰ ਬਾਬਾ ਆਪਣੇ ਸਾਥੀ ਸੰਦੀਪ ਨਾਲ ਖਡੂਰ ਸਾਹਿਬ ਨੂੰ ਜਾ ਰਿਹਾ ਹੈ ਤਾਂ ਤਰਨ ਤਾਰਨ ਪੁਲਸ ਪਾਰਟੀ ਨੇ ਚਿੱਟੇ ਰੰਗ ਦੀ ਲਾਂਸਰ ਕਾਰ ਨੂੰ ਰੋਕਿਆ, ਜਿਸ ਵਿਚ ਦੋਵੇਂ ਸਵਾਰ ਸਨ ਅਤੇ ਉਨ੍ਹਾਂ ਨੂੰ ਗਿ੍ਫਤਾਰ ਕਰਨ ਵਿਚ ਕਾਮਯਾਬ ਰਹੇ | ਉਨ੍ਹਾ ਦੱਸਿਆ ਕਿ ਕਾਰ ਵਿੱਚੋਂ ਲੋਡਿਡ ਮੈਗਜ਼ੀਨਾਂ ਸਮੇਤ ਦੋ ਪਿਸਤੌਲ, 635 ਗ੍ਰਾਮ ਹੈਰੋਇਨ, 100 ਗ੍ਰਾਮ ਅਫੀਮ ਅਤੇ 3.90 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ | ਆਈ ਜੀ ਪੀ ਨੇ ਦੱਸਿਆ ਕਿ ਗੁਰਵਿੰਦਰ ਬਾਬਾ ਦੇ ਖੁਲਾਸੇ ਤੋਂ ਬਾਅਦ ਪੁਲਸ ਨੇ ਪੁਲਸ ਜ਼ਿਲ੍ਹਾ ਬਟਾਲਾ ਦੇ ਖੇਤਰ ਵਿੱਚ ਸਥਿਤ ਟਿਕਾਣੇ ਤੋਂ ਇੱਕ ਹੈਂਡ ਗ੍ਰਨੇਡ, ਇੱਕ ਆਰ ਡੀ ਐੱਕਸ-ਆਈ ਈ ਡੀ ਅਤੇ 33 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ | ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਬਰਾਮਦ ਕੀਤੇ ਗਏ ਵਿਸਫੋਟਕ, ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਪਾਕਿਸਤਾਨ ਤੋਂ ਡਰੋਨ ਰਾਹੀਂ ਤਸਕਰੀ ਕੀਤੀ ਗਈ ਸੀ | ਐੱਸ ਐੱਸ ਪੀ ਤਰਨ ਤਾਰਨ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਐੱਫ ਆਈ ਆਰ ਨੰ. 118 ਐੱਨ ਡੀ ਪੀ ਐੱਸ ਐਕਟ ਦੀਆਂ ਧਾਰਾਵਾਂ 18, 21, 25 ਅਤੇ 29, ਅਸਲਾ ਐਕਟ ਦੀਆਂ ਧਾਰਾਵਾਂ 25 (6) ਅਤੇ 25 (7), ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 4 ਅਤੇ 5 ਅਤੇ ਧਾਰਾ 10, 11 ਅਤੇ 12 ਤਹਿਤ ਦਰਜ ਕੀਤਾ ਗਿਆ ਹੈ | ਉਹਨਾ ਦੱਸਿਆ ਕਿ ਇਨ੍ਹਾਂ ਗਿ੍ਫਤਾਰੀਆਂ ਨਾਲ ਸਰਹੱਦ ਪਾਰੋਂ ਤਸਕਰੀ ਦੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ | ਉਨ੍ਹਾ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ |