ਚੰਡੀਗੜ੍ਹ (ਗਿਆਨ ਸੈਦਪੁਰੀ)-‘ਅਸੀਂ ਜਿੱਤਦੇ ਰਹੇ ਹਾਂ, ਇਸ ਕਰਕੇ ਨਹੀਂ ਜਿਊਂਦੇ, ਸਗੋਂ ਇਸ ਲਈ ਜਿਊਂਦੇ ਹਾਂ ਕਿ ਲੜਦੇ ਰਹੇ ਹਾਂ, ਮਨੁੱਖ ਦੇ ਨਿੱਜੀ ਸਤਿਕਾਰ ਲਈ ਤੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਵੀ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀ.ਪੀ.ਆਈ. ਦੇ ਕੇਂਦਰੀ ਸਕੱਤਰੇਤ ਮੈਂਬਰ ਡਾ. ਬੀ.ਕੇ. ਕਾਂਗੋ ਨੇ ਕੀਤਾ। ਉਹ ਅਜੈ ਭਵਨ ਵਿਖੇ ਮਾਰਕਸਵਾਦ ’ਤੇ ਸਿਧਾਂਤਕ ਵਰਕਸ਼ਾਪ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾ ਭਾਰਤੀ ਕਮਿਊਨਿਸਟ ਪਾਰਟੀ ਦੀ ਸਿਧਾਂਤਕ ਪਹੁੰਚ ਦਾ ਵਿਸਥਾਰ ਨਾਲ ਵਰਣਨ ਕੀਤਾ। ਉਨ੍ਹਾ ਕਿਹਾ ਕਿ ਸੀ.ਪੀ.ਆਈ ਇਹ ਨਹੀਂ ਕਹਿੰਦੀ ਕਿ ਅਸੀਂ ਇਨਕਲਾਬ ਲਿਆਵਾਂਗੇ, ਸਗੋਂ ਕਹਿੰਦੀ ਹੈ ਕਿ ਇਨਕਲਾਬ ਲੋਕ ਲਿਆਉਣਗੇ, ਅਸੀਂ ਉਨ੍ਹਾਂ ਦਾ ਸਾਥ ਦੇਵਾਂਗੇ।
ਡਾ. ਕਾਂਗੋ ਨੇ ਕਿਹਾ ਕਿ ਸਾਨੂੰ ਇਹ ਗੱਲ ਮਾਣ ਨਾਲ ਮਹਿਸੂਸ ਹੁੰਦੀ ਹੈ ਕਿ ਪਾਰਟੀ ਨੇ ਦੇਸ਼ ਦੇ ਲੋਕਾਂ ਲਈ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ। ਪਾਰਟੀ ਨੇ 20 ਕਰੋੜ ਲੋਕਾਂ ਦਾ ਪਬਲਿਕ ਸੈਕਟਰ ਉਸਾਰਿਆ। ਇਸ ਸੈਕਟਰ ਦੀ ਵੱਡੀ ਦੇਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸਮੇਂ ਦਾ ਸੱਚ ਇਹ ਵੀ ਹੈ ਕਿ ਪਬਲਿਕ ਸੈਕਟਰ ਦੇ ਲੋਕ ਵੱਡੀ ਗਿਣਤੀ ਵਿੱਚ ਪਾਰਟੀ ਤੋਂ ਪਾਸੇ ਹੋ ਗਏ। ਉਨ੍ਹਾਂ ਲੋਕਾਂ ਦੀ ਵਾਪਸੀ ਦਾ ਮਸਲਾ ਪਾਰਟੀ ਦੇ ਸਨਮੁੱਖ ਹੈ। ਡਾ. ਕਾਂਗੋ ਨੇ ਮਾਰਕਸ ਅਤੇ ਲੈਨਿਨ ਨੂੰ ਲੋਕਾਂ ਦੇ ਰਹਿਬਰ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਦੁਨੀਆ ਨੂੰ ਬੜਾ ਕੁਝ ਸਿਖਾਇਆ। ਮਾਰਕਸਵਾਦ ਨੂੰ ਬਦਲੇ ਹਾਲਾਤ ਅਨੁਸਾਰ ਲਾਗੂ ਕਰਕੇ ਅੱਗੇ ਵਧਣ ਦੀ ਲੋੜ ਹੈ। ਉਨ੍ਹਾ ਸਮਾਜਵਾਦ ਤੱਕ ਪਹੁੰਚਣ ਦੇ ਵੱਖ-ਵੱਖ ਪੜਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨਕਲਾਬ ਆਉਣ ਵੇਲੇ ਮਾਰਕਸ ਨੇ ਸਮਾਜਵਾਦ ਦੇ ਨਾਹਰੇ ਦੀ ਥਾਂ ਲੋਕ ਪੱਖੀ ਆਰਥਿਕ ਨੀਤੀ ਬਣਾਉਣ ਵੱਲ ਵਧੇਰੇ ਧਿਆਨ ਦਿੱਤਾ ਸੀ। ਡਾ. ਕਾਂਗੋ ਨੇ ਪੰਜਾਬ ਦੇ ਸੰਦਰਭ ਵਿੱਚ ਵੱਖ-ਵੱਖ ਪਹਿਲੂਆਂ ਦਾ ਜ਼ਿਕਰ ਕੀਤਾ।ਉਨ੍ਹਾ ਕਿਹਾ ਕਿ ਭਾਜਪਾ ਕੋਸ਼ਿਸ਼ ਕਰ ਰਹੀ ਹੈ ਕਿ ਇੱਥੇ ਅਣਸੁਖਾਵੇਂ ਹਾਲਾਤ ਪੈਦਾ ਕਰਕੇ ਫੌਜ ਰਾਹੀਂ ਸੱਤਾ ’ਤੇ ਕਾਬਜ਼ ਹੋਇਆ ਜਾਵੇ। ਮਨੀਪੁਰ ਵਿੱਚ ਵੀ ਉਸ ਦੀ ਇਹੀ ਨੀਤੀ ਹੈ। ਉਨ੍ਹਾ ਕਿਹਾ ਕਿ ਪੰਜਾਬ ਵਿੱਚ 91 ਫੀਸਦੀ ਜ਼ਮੀਨ ਖੇਤੀਯੋਗ ਹੈ। ਇੱਥੇ ਜਿਣਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਲਈ ਸੰਘਰਸ਼ ਬੜਾ ਮਹੱਤਵਪੂਰਨ ਮੁੱਦਾ ਹੈ। ਇਸ ਦੇ ਨਾਲ-ਨਾਲ ਪਾਣੀ ਦਾ ਪੱਧਰ ਦਿਨੋ-ਦਿਨ ਹੇਠਾਂ ਜਾਣ ਦਾ ਵਰਤਾਰਾ ਵੀ ਸਾਡੇ ਫ਼ਿਕਰਾਂ ਵਿੱਚ ਸ਼ਾਮਲ ਹੈ। ਪੰਜਾਬ ਦੀ ਕਮਿਊਨਿਸਟ ਪਾਰਟੀ ਦੇ ਸ਼ਾਨਾਮੱਤੇ ਇਤਿਹਾਸ ਨੂੰ ਚੇਤੇ ਕਰਦਿਆਂ ਡਾ. ਕਾਂਗੋ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਵੀ ਪਾਰਟੀ ਦੇ ਸਰੋਕਾਰਾਂ ਵਿੱਚ ਸ਼ਾਮਲ ਹੈ।
ਡਾ. ਕਾਂਗੋ ਨੇ ਆਪਣੀ ਤਕਰੀਰ ਵਿੱਚ ਸਰਪਲੱਸ ਵੈਲਿਊ, ਰੂਸ ਦੇ ਇਨਕਲਾਬ ਵੇਲੇ ਦੀਆਂ ਹਾਲਤਾਂ, ਉਚੇਰੇ ਪੜਾਅ ’ਤੇ ਪਹੁੰਚ ਚੁੱਕੀ ਤਕਨੀਕ, ਲੋਕਾਂ ਅੰਦਰ ਕੰਮ ਕਰਨ ਦੇ ਤੌਰ-ਤਰੀਕੇ ਅਤੇ ਹੋਰ ਅਨੇਕਾਂ ਪੱਖਾਂ ਨੂੰ ਛੋਂਹਦਿਆਂ ਪਾਰਟੀ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਆਉਦੇ ਦਿਨਾਂ ਵਿੱਚ ਸੀ.ਪੀ.ਆਈ ਦੇ ਸੌ ਸਾਲਾ ਸਥਾਪਨਾ ਦਿਨ ਦੇ ਮੱਦੇ-ਨਜ਼ਰ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। ਇਸ ਦੇ ਨਾਲ ਉਨ੍ਹਾਂ ਨੇ ਪੰਜਾਬ ਦੇ ਆਗੂਆਂ ਨੂੰ ਸਲਾਹ ਦਿੱਤੀ ਕਿ ਪਾਰਟੀ ਵੱਲੋਂ ਲੜੇ ਗਏ ਸੰਘਰਸ਼ਾਂ ਅਤੇ ਪ੍ਰਾਪਤੀਆਂ ਬਾਰੇ ਇੱਕ ਕਿਤਾਬ ਛਪਵਾਈ ਜਾਵੇ। ਪਾਰਟੀ ਸਿਧਾਂਤਕ ਵਰਕਸ਼ਾਪ ਦੀ ਪਹਿਲੇ ਦਿਨ ਦੀ ਪ੍ਰਧਾਨਗੀ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕੀਤੀ। ਪਾਰਟੀ ਦੇ ਵਿੱਦਿਆ ਵਿਭਾਗ ਦੇ ਇੰਚਾਰਜ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਵਰਕਸ਼ਾਪ ਦੀ ਰੂਪ-ਰੇਖਾ ਬਾਰੇ ਦੱਸਿਆ। ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਵਰਕਸ਼ਾਪ ਦੀ ਆਰੰਭਤਾ ਕੀਤੀ। ਵਰਕਸ਼ਾਪ ਵਿੱਚ ਸ਼ਾਮਲ ਕਮਿਊਨਿਸਟ ਆਗੂਆਂ ਨੇ ਤਿੱਖੀ ਤੇ ਲੰਮੇਰੀ ਬਹਿਸ ਕਰਦਿਆਂ ਪਾਰਟੀ ਨੂੰ ਅੱਗੇ ਲੈ ਕੇ ਜਾਣ ਲਈ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਇਸ ਬਹਿਸ ਵਿੱਚ ਕਾਮਰੇਡ ਬੰਤ ਸਿੰਘ ਬਰਾੜ, ਕਾਮਰੇਡ ਹਰਦੇਵ ਸਿੰਘ ਅਰਸ਼ੀ, ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕੰਟਰੋਲ ਕਮਿਸ਼ਨ ਦੇ ਚੇਅਰਮੈਨ ਕਾਮਰੇਡ ਰਮੇਸ਼ ਰਤਨ, ਕਾਮਰੇਡ ਅਮਰਜੀਤ ਸਿੰਘ ਆਸਲ, ਨਰਿੰਦਰ ਕੌਰ ਸੋਹਲ (ਦੋਨੋਂ ਨੈਸ਼ਨਲ ਕੌਂਸਲ ਮੈਂਬਰ), ਬਲਦੇਵ ਸਿੰਘ ਨਿਹਾਲਗੜ੍ਹ, �ਿਸ਼ਨ ਚੌਹਾਨ, ਦੇਵੀ ਕੁਮਾਰੀ ਸਰਹਾਲੀ ਕਲਾਂ, ਕਸ਼ਮੀਰ ਸਿੰਘ ਗਦਾਈਆ (ਤਿੰਨੋਂ ਸਕੱਤਰੇਤ ਮੈਂਬਰ), ਕੁਲਦੀਪ ਸਿੰਘ ਭੋਲਾ, ਸੁਖਦੇਵ ਸ਼ਰਮਾ, ਸੁਖਜਿੰਦਰ ਮਹੇਸ਼ਰੀ, ਹੰਸ ਰਾਜ ਗੋਲਡਨ, ਕਸ਼ਮੀਰ ਸਿੰਘ ਫ਼ਿਰੋਜ਼ਪੁਰ, ਦਸਵਿੰਦਰ ਕੌਰ (ਸਾਰੇ ਐਗਜ਼ੈਕਟਿਵ ਮੈਂਬਰ) ਨੇ ਹਿੱਸਾ ਲਿਆ।
ਵਰਕਸ਼ਾਪ ਵਿੱਚ ਗੁਰਨਾਮ ਕੰਵਰ ਵਿੱਤ ਸਕੱਤਰ ਸੀ.ਪੀ.ਆਈ. ਪੰਜਾਬ, ਮਹਿੰਦਰ ਪਾਲ ਮੁਹਾਲੀ ਐਗਜ਼ੈਕਟਿਵ ਮੈਂਬਰ, ਹਰਲਾਭ ਸਿੰਘ ਐਗਜ਼ੈਕਟਿਵ ਮੈਂਬਰ, ਲਾਲ ਜੀ ਲਾਲੀ ਸਕੱਤਰ ਸੀ.ਪੀ.ਆਈ ਦਫ਼ਤਰ ਚੰਡੀਗੜ੍ਹ ਵੀ ਮੌਜੂਦ ਸਨ।