ਸਟਾਕਹੋਮ : 2024 ਦੇ ਮੈਡੀਸਨ ਦਾ ਨੋਬੇਲ ਪੁਰਸਕਾਰ ਦੋ ਅਮਰੀਕੀ ਵਿਗਿਆਨੀਆਂ ਵਿਕਟਰ ਐਂਬਰੋਜ਼ ਤੇ ਗੈਰੀ ਰੁਵਕੁਨ ਨੂੰ ਮਾਈਕਰੋ ਆਰ ਐੱਨ ਏ (ਰਾਈਬੋਨਿਊਕਲਿਕ ਐਸਿਡ) ਦੀ ਖੋਜ ਲਈ ਦੇਣ ਦਾ ਐਲਾਨ ਕੀਤਾ ਗਿਆ ਹੈ। ਮਾਈਕਰੋ ਆਰ ਐੱਨ ਏ ਤੋਂ ਪਤਾ ਚਲਦਾ ਹੈ ਕਿ ਸਰੀਰ ਵਿਚ ਸੈੱਲ ਕਿਵੇਂ ਬਣਦੇ ਤੇ ਕੰਮ ਕਰਦੇ ਹਨ। ਦੋਹਾਂ ਜੀਨ ਵਿਗਿਆਨੀਆਂ ਨੇ 1993 ਵਿਚ ਮਾਈਕਰੋ ਆਰ ਐੱਨ ਏ ਦੀ ਖੋਜ ਕੀਤੀ ਸੀ। ਇਨਸਾਨ ਦਾ ਜੀਨ ਡੀ ਐੱਨ ਏ ਤੇ ਆਰ ਐੱਨ ਏ ਤੋਂ ਬਣਿਆ ਹੁੰਦਾ ਹੈ। ਮਾਈਕਰੋ ਆਰ ਐੱਨ ਏ ਮੂਲ ਆਰ ਐੱਨ ਏ ਦਾ ਹਿੱਸਾ ਹੁੰਦਾ ਹੈ। ਇਹ ਪਿਛਲੇ 50 ਕਰੋੜ ਸਾਲਾਂ ਤੋਂ ਮਲਟੀ-ਸੈੱਲ ਜੀਵਾਂ ਦੇ ਜੀਨੋਮ ਤੋਂ ਵਿਕਸਤ ਹੋਇਆ ਹੈ। ਹੁਣ ਤੱਕ ਇਨਸਾਨਾਂ ਵਿਚ ਵੱਖ-ਵੱਖ ਤਰ੍ਹਾਂ ਦੇ ਮਾਈਕਰੋ ਆਰ ਐੱਨ ਏ ਦੇ ਇਕ ਹਜ਼ਾਰ ਤੋਂ ਵੱਧ ਜੀਨ ਦੀ ਖੋਜ ਹੋ ਚੁੱਕੀ ਹੈ। ਇਨਸਾਨ ਦੇ ਸਰੀਰ ਵਿਚ ਮਾਈਕਰੋ ਆਰ ਐੱਨ ਏ ਦੇ ਬਿਨਾਂ ਸੈੱਲ ਤੇ ਟਿਸ਼ੂ ਵਿਕਸਤ ਨਹੀਂ ਹੋ ਸਕਦੇ। ਮਾਈਕਰੋ ਆਰ ਐੱਨ ਏ ਵਿਚ ਅਸਾਧਾਰਨ ਬਦਲਾਅ ਹੋਣ ਕਾਰਨ ਕੈਂਸਰ ਤੇ ਡਾਇਬਟੀਜ਼ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਮਾਈਕਰੋ ਆਰ ਐੱਨ ਏ ਦੀ ਜੀਨ ਕੋਡਿੰਗ ਵਿਚ ਮਿਊਟੇਸ਼ਨ ਹੋਣ ਕਾਰਨ ਇਨਸਾਨ ਦੇ ਸਰੀਰ ’ਚ ਸੁਣਨ ਦੀ ਸਮਰੱਥਾ ਅਤੇ ਅੱਖਾਂ ਤੇ ਸਰੀਰਕ ਬਣਾਵਟ ਵਿਚ ਸਮੱਸਿਆ ਆਉਦੀ ਹੈ।