ਪਟਿਆਲਾ : ਪੀ ਐੱਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ‘ਤੇ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ, ਇੰਪਲਾਈਜ਼ ਫੈਡਰੇਸ਼ਨ ਪੀ ਐਸ ਈ ਬੀ (ਪਹਿਲਵਾਨ), ਮਨਿਸਟਰੀਅਲ ਸਰਵਿਸਿਜ਼ ਯੂਨੀਅਨ, ਇੰਪਲਾਈਜ਼ ਫੈਡਰੇਸ਼ਨ (ਫਲਜੀਤ ਸਿੰਘ), ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਵਰਕਰਜ਼ ਫੈਡਰੇਸ਼ਨ (ਇੰਟਕ), ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਹੈੱਡ ਆਫਿਸ ਇੰਪਲਾਈਜ਼ ਫੈਡਰੇਸ਼ਨ ਅਤੇ ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ 24 ਅਗਸਤ ਨੂੰ ਟਰਾਂਸਕੋ ਦੇ ਮੁੱਖ ਦਫਤਰ ਸ਼ਕਤੀ ਸਦਨ ਮਾਲ ਰੋਡ ਪਟਿਆਲਾ ਅੱਗੇ ਸੂਬਾਈ ਪੱਧਰ ਦਾ ਧਰਨਾ ਦੇਣ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ | ਇਹ ਫੈਸਲਾ ਕੁਲਦੀਪ ਸਿੰਘ ਖੰਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ | ਇਸ ਬਾਰੇ ਜੁਆਇੰਟ ਫੋਰਮ ਦੇ ਸੂਬਾਈ ਆਗੂਆਂ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬਲਦੇਵ ਸਿੰਘ ਮੰਢਾਲੀ, ਹਰਪਾਲ ਸਿੰਘ, ਜਗਜੀਤ ਸਿੰਘ ਕੋਟਲੀ, ਅਵਤਾਰ ਸਿੰਘ ਕੈਂਥ, ਕੌਰ ਸਿੰਘ ਸੋਹੀ ਅਤੇ ਜਗਦੀਪ ਸਿੰਘ ਸਹਿਗਲ ਨੇ ਦੱਸਿਆ ਕਿ ਟਰਾਂਸਕੋ ਦੀ ਮੈਨੇਜਮੈਂਟ ਪੰਜਾਬ ਸਰਕਾਰ ਦੀਆਂ ਛੇਵੇਂ ਪੇ ਕਮਿਸ਼ਨ ਦੀ ਸਿਫਾਰਸ਼ਾਂ ਨੂੰ ਟਰਾਂਸਕੋ ਵਿੱਚ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਰਹੀ, ਤਨਖਾਹ ਸਕੇਲ ਵਿੱਚ ਸੋਧ ਕਰਕੇ 15 ਫੀਸਦੀ ਵਾਧਾ ਦੇਣ ਤੋਂ ਲਗਾਤਾਰ ਟਾਲ-ਮਟੋਲ ਕਰ ਰਹੀ ਹੈ | ਤਿੰਨ ਧਿਰੀ ਸਮਝੌਤੇ ਨੂੰ ਲਾਗੂ ਕਰਨ ਦੀ ਥਾਂ ਤੋੜ-ਮਰੋੜ ਕੇ ਮੁਲਾਜ਼ਮਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ | ਪੁਨਰ ਉਸਾਰੀ ਦੇ ਨਾਂਅ ‘ਤੇ ਮੁਲਾਜ਼ਮਾਂ ਦੀਆਂ ਸੈਂਕੜੇ ਮਨਜ਼ੂਰਸ਼ੁਦਾ ਅਸਾਮੀਆਂ ਖਤਮ ਕਰਕੇ ਯੋਗ ਮੁਲਾਜਮਾਂ ਦੀਆਂ ਤਰੱਕੀਆਂ ਕਰਨ ਤੋਂ ਇਨਕਾਰੀ ਹੈ | ਪਾਵਰਕਾਮ ਤੋਂ ਟਰਾਂਸਮਿਸ਼ਨ ਕਾਰਪੋਰੇਸ਼ਨ ਵਿੱਚ ਡੈਪੂਟੇਸ਼ਨ ‘ਤੇ ਭੇਜੇ ਮੁਲਾਜ਼ਮਾਂ ਤੇ ਇੰਜੀਨੀਅਰਾਂ ਦੀਆ ਤਰੱਕੀਆਂ ਸੀਨੀਆਰਤਾ ਅਨੁਸਾਰ ਕਰਨ ਤੋਂ ਆਨਾਕਾਨੀ ਕਰ ਰਹੀ ਹੈ | ਯੋਗ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੋਨਸ ਦੀ ਅਦਾਇਗੀ ਨਹੀਂ ਕਰ ਰਹੀ ਅਤੇ ਮੁਲਾਜ਼ਮਾਂ ਦੀਆਂ ਤਰੱਕੀਆਂ ਸਮੇਂ ਤੰਗ-ਪ੍ਰੇਸ਼ਾਨ ਕਰ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਸਖਤ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ | ਇਨ੍ਹਾਂ ਆਗੂਆਂ ਟਰਾਂਸਕੋ ਦੀ ਮੈਨੇਜਮੈਂਟ ਪਾਸੋਂ ਮੰਗ ਕੀਤੀ ਕਿ ਉਹ ਜਾਇੰਟ ਫੋਰਮ ਦੇ ਨੁਮਾਇੰਦਿਆ ਨੂੰ ਮੀਟਿੰਗ ਦੇ ਕੇ ਮੁਲਾਜ਼ਮ ਮਸਲਿਆਂ ਦਾ ਜਲਦੀ ਹੱਲ ਕਰੇ | ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ ਪਿੰਡੀ, ਸੁਖਵਿੰਦਰ ਚਾਹਲ, ਬਲਵਿੰਦਰ ਸਿੰਘ ਸੰਧੂ, ਰਾਮ ਲੁਭਾਇਆ, ਸੰਦੀਪ ਜੋਸ਼ੀ, ਗੁਰਕਮਲ ਸਿੰਘ ਅਤੇ ਗੁਰਦਿੱਤ ਸਿੰਘ ਸਿੱਧੂ ਵੀ ਹਾਜਰ ਸਨ | ਆਗੂਆਂ ਨੇ ਕਿਹਾ ਕਿ ਜੇਕਰ ਟਰਾਂਸਕੋ ਮੈਨੇਜਮੈਂਟ ਨੇ ਮੁਲਾਜ਼ਮ ਮਸਲੇ ਹੱਲ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਟਰਾਂਸਕੋ ਮੈਨੇਜਮੈਂਟ ਦੀ ਹੋਵੇਗੀ | ਇਸ ਤੋਂ ਇਲਾਵਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਉਹ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਜਲਦੀ ਲਾਗੂ ਕਰੇ ਅਤੇ ਰਹਿੰਦੀਆਂ ਮੰਗਾਂ ਦਾ ਆਪਸੀ ਗੱਲਬਾਤ ਰਾਹੀਂ ਨਿਪਟਾਰਾ ਕੀਤਾ ਜਾਵੇ |