ਸੂਬਾਪ੍ਰਸਤਾਂ ਦਾ ਸ਼ਾਨਦਾਰ ਪ੍ਰਦਰਸ਼ਨ, ਭਾਜਪਾ ਦੇ ਲੰਗੋਟੀਏ ਖਲਬਲੀ ਮਚਾਉਣ ’ਚ ਨਾਕਾਮ
ਸ੍ਰੀਨਗਰ : ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ਨੈਸ਼ਨਲ ਕਾਨਫਰੰਸ, ਕਾਂਗਰਸ ਤੇ ਮਾਰਕਸੀ ਪਾਰਟੀ ਦੇ ‘ਇੰਡੀਆ’ ਗੱਠਜੋੜ ਨੇ 90 ਵਿੱਚੋਂ 49 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ। ਲੈਫਟੀਨੈਂਟ ਗਵਰਨਰ ਨੂੰ ਪੰਜ ਵਿਧਾਇਕ ਨਾਮਜ਼ਦ ਕਰਨ ਦਾ ਹੱਕ ਹੈ ਤੇ ਉਸ ਸੂਰਤ ’ਚ ਅਸੰਬਲੀ 95 ਮੈਂਬਰੀ ਬਣਨ ’ਤੇ ਬਹੁਮਤ ਲਈ ਲੋੜੀਂਦੀਆਂ ਸੀਟਾਂ 48 ਤੋਂ ਇੰਡੀਆ ਦੀਆਂ ਸੀਟਾਂ ਵੱਧ ਹੋ ਗਈਆਂ ਹਨ। ਇਸ ਤਰ੍ਹਾਂ ਸੱਤਾ ’ਤੇ ਕਿਸੇ ਨਾ ਕਿਸੇ ਤਰ੍ਹਾਂ ਕਬਜ਼ਾ ਕਰਨ ਦਾ ਭਾਜਪਾ ਦਾ ਮਰਜ਼ੀ ਦੇ ਪੰਜ ਵਿਧਾਇਕ ਨਾਮਜ਼ਦ ਕਰਨ ਵਾਲਾ ਦਾਅ ਵੀ ਕਾਮਯਾਬ ਨਹੀਂ ਹੋਵੇਗਾ।
ਨੈਸ਼ਨਲ ਕਾਨਫੰਰਸ 42 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ, ਜਦਕਿ ਕਾਂਗਰਸ ਨੇ 6 ਸੀਟਾਂ ਜਿੱਤੀਆਂ ਹਨ। ਇਕ ਸੀਟ ਮਾਰਕਸੀ ਪਾਰਟੀ ਦੇ ਮੁਹੰਮਦ ਯੂਨਸ ਤਾਰੀਗਾਮੀ ਨੇ ਕੁਲਗਾਮ ਦੀ ਪੰਜਵੀਂ ਵਾਰ ਜਿੱਤੀ ਹੈ। ਜੇ ਗੱਠਜੋੜ ਨੂੰ ਸਰਕਾਰ ਬਣਾਉਣ ਦਾ ਸੱਦਾ ਨਾ ਵੀ ਮਿਲਦਾ, ਨੈਸ਼ਨਲ ਕਾਨਫਰੰਸ ਨੂੰ ਵੱਡੀ ਪਾਰਟੀ ਹੋਣ ਦੇ ਨਾਤੇ ਸਰਕਾਰ ਬਣਾਉਣ ਦਾ ਸੱਦਾ ਦੇਣਾ ਹੀ ਪੈਣਾ ਹੈ।
ਉਧਰ, ਭਾਜਪਾ ਨੇ 29 ਸੀਟਾਂ ਜਿੱਤ ਕੇ ਜੰਮੂ ਦੇ ਆਪਣੇ ਗੜ੍ਹ ਨੂੰ ਬਰਕਰਾਰ ਰੱਖਿਆ ਹੈ, ਪਰ ਉਸ ਦੇ ਇੰਜੀਨੀਅਰ ਰਸ਼ੀਦ ਵਰਗੇ ਲੰਗੋਟੀਏ ਕਸ਼ਮੀਰ ਵਿਚ ਖਲਬਲੀ ਮਚਾਉਣ ’ਚ ਨਾਕਾਮ ਰਹੇ। ਸੱਤ ਸੀਟਾਂ ਆਜ਼ਾਦਾਂ ਨੇ ਜਿੱਤੀਆਂ ਹਨ। ਆਪ ਤੇ ਜੇ ਪੀ ਸੀ ਨੇ ਵੀ ਇੱਕ-ਇੱਕ ਸੀਟ ਜਿੱਤੀ ਹੈ। ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਗਾਂਦਰਬਲ ਤੇ ਬਡਗਾਮ ਦੋ ਸੀਟਾਂ ’ਤੇ ਜੇਤੂ ਰਹੇ। ਫਾਰੂਕ ਅਬਦੁੱਲਾ ਨੇ ਐਲਾਨਿਆ ਹੈ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਹੀ ਬਣਨਗੇ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਬੇਟੀ ਇਲਤਜ਼ਾ ਮੁਫਤੀ ਸ੍ਰੀਗੁਫਵਾਰਾ-ਬਿਜੇਬਹਰਾ ਤੋਂ ਚੋਣ ਹਾਰ ਗਈ ਹੈ। ਐਤਕੀਂ ਪਿਛਲੀਆਂ 2014 ਦੀਆਂ ਚੋਣਾਂ ਦੇ 3 ਦੇ ਮੁਕਾਬਲੇ ਵੱਧ 7 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਕਾਂਗਰਸ ਛੱਡ ਕੇ ਜੰਮੂ ਖੇਤਰ ਦੀ ਛੰਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਸਤੀਸ਼ ਸ਼ਰਮਾ ਨੇ ਭਾਜਪਾ ਉਮੀਦਵਾਰ ਰਾਜੀਵ ਸ਼ਰਮਾ ਨੂੰ 6,929 ਵੋਟਾਂ ਦੇ ਫਰਕ ਨਾਲ ਹਰਾਇਆ। ਦੋ ਵਾਰ ਸੰਸਦ ਮੈਂਬਰ ਰਹੇ ਅਤੇ ਸਾਬਕਾ ਕਾਂਗਰਸ ਮੰਤਰੀ ਮਦਨ ਲਾਲ ਸ਼ਰਮਾ ਦੇ ਪੁੱਤਰ ਸਤੀਸ਼ ਸ਼ਰਮਾ ਨੂੰ 33,985 ਵੋਟਾਂ ਮਿਲੀਆਂ। ਇੰਦਰਵਾਲ ਤੋਂ ਆਜ਼ਾਦ ਉਮੀਦਵਾਰ ਪਿਆਰੇ ਲਾਲ ਸ਼ਰਮਾ ਨੇ ਸੀਨੀਅਰ ਆਗੂ ਗੁਲਾਮ ਮੁਹੰਮਦ ਸਾਰੋਰੀ ਨੂੰ 643 ਵੋਟਾਂ ਦੇ ਮਾਮੂਲੀ ਫਰਕ ਨਾਲ ਹਰਾਇਆ। ਸਾਰੋਰੀ ਇਸ ਤੋਂ ਪਹਿਲਾਂ ਦੋ ਵਾਰ ਇਹ ਸੀਟ ਜਿੱਤ ਚੁੱਕੇ ਹਨ। ਬਾਣੀ ’ਚ ਆਜ਼ਾਦ ਉਮੀਦਵਾਰ ਡਾ. ਰਾਮੇਸ਼ਵਰ ਸਿੰਘ ਨੇ ਭਾਜਪਾ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਜੀਵਨ ਲਾਲ ਨੂੰ 2,048 ਵੋਟਾਂ ਨਾਲ ਹਰਾਇਆ। ਸੂਰਨਕੋਟ ਹਲਕੇ ਤੋਂ ਆਜ਼ਾਦ ਉਮੀਦਵਾਰ ਅਤੇ ਨੈਸ਼ਨਲ ਕਾਨਫਰੰਸ ਦੇ ਬਾਗੀ ਚੌਧਰੀ ਮੁਹੰਮਦ ਅਕਰਮ ਨੇ ਕਾਂਗਰਸ ਦੇ ਮੁਹੰਮਦ ਸ਼ਾਹਨਵਾਜ਼ ਨੂੰ 8,851 ਵੋਟਾਂ ਦੇ ਫਰਕ ਨਾਲ ਹਰਾਇਆ। ਮੁਜ਼ੱਫਰ ਇਕਬਾਲ ਖਾਨ ਨੇ ਥਾਨਾਮੰਡੀ ਸੀਟ ਤੋਂ ਭਾਜਪਾ ਉਮੀਦਵਾਰ ਮੁਹੰਮਦ ਇਕਬਾਲ ਮਲਿਕ ਨੂੰ 6,179 ਵੋਟਾਂ ਦੇ ਫਰਕ ਨਾਲ ਹਰਾਇਆ। ਲੰਗੇਟ ਸੀਟ ਤੋਂ ਖੁਰਸ਼ੀਦ ਅਹਿਮਦ ਸ਼ੇਖ ਨੇ 25,984 ਵੋਟਾਂ ਹਾਸਲ ਕੀਤੀਆਂ ਅਤੇ ਪੀਪਲਜ਼ ਕਾਨਫਰੰਸ ਦੇ ਇਰਫਾਨ ਸੁਲਤਾਨ ਪੰਡਤਪੁਰੀ ਨੂੰ 1,602 ਵੋਟਾਂ ਦੇ ਫਰਕ ਨਾਲ ਹਰਾਇਆ। ਸ਼ਬੀਰ ਅਹਿਮਦ ਕੁੱਲੇ ਨੇ ਸ਼ੌਪੀਆਂ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਸ਼ੇਖ ਮੁਹੰਮਦ ਰਫੀ ਨੂੰ 1,207 ਵੋਟਾਂ ਦੇ ਫਰਕ ਨਾਲ ਹਰਾਇਆ। ਨਗਰੋਟਾ ਹਲਕੇ ਤੋਂ ਭਾਜਪਾ ਉਮੀਦਵਾਰ ਦੇਵੇਂਦਰ ਰਾਣਾ ਸਭ ਤੋਂ ਵੱਧ ਫਰਕ ਨਾਲ ਜਿੱਤੇ ਹਨ, ਜਦਕਿ ਪੀ ਡੀ ਪੀ ਦੇ ਤਰਾਲ ਤੋਂ ਉਮੀਦਵਾਰ ਰਫੀਕ ਅਹਿਮਦ ਨਾਇਕ ਨੂੰ ਸਭ ਤੋਂ ਘੱਟ ਫਰਕ ਨਾਲ ਜਿੱਤ ਮਿਲੀ ਹੈ। ਨੈਸ਼ਨਲ ਕਾਨਫਰੰਸ ਦੀ ਟਿਕਟ ’ਤੇ 2014 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਰਾਣਾ ਨੇ ਭਾਜਪਾ ਦੀ ਟਿਕਟ ’ਤੇ ਨਗਰੋਟਾ ਸੀਟ 30,472 ਵੋਟਾਂ ਦੇ ਫਰਕ ਨਾਲ ਬਰਕਰਾਰ ਰੱਖੀ। ਦੂਜੇ ਪਾਸੇ ਪੀ ਡੀ ਪੀ ਦੇ ਨਾਇਕ ਨੇ ਬਹੁ-ਕੋਨੀ ਮੁਕਾਬਲੇ ’ਚ ਤਰਾਲ ਸੀਟ ਸਿਰਫ 460 ਵੋਟਾਂ ਦੇ ਮਾਮੂਲੀ ਫਰਕ ਨਾਲ ਜਿੱਤੀ। ਨਾਇਕ ਨੂੰ 10,710 ਵੋਟਾਂ ਮਿਲੀਆਂ, ਉਸ ਤੋਂ ਬਾਅਦ ਕਾਂਗਰਸੀ ਉਮੀਦਵਾਰ ਸੁਰਿੰਦਰ ਸਿੰਘ ਚੰਨੀ ਨੂੰ 10,250, ਨੈਸ਼ਨਲ ਕਾਨਫਰੰਸ ਦੇ ਬਾਗੀ ਨੂੰ 9,778 ਅਤੇ ਏ ਆਈ ਪੀ ਦੇ ਹਰਬਖਸ਼ ਸਿੰਘ ਨੂੰ 8,557 ਵੋਟਾਂ ਮਿਲੀਆਂ। ਕਠੂਆ ਜ਼ਿਲ੍ਹੇ ਦੀ ਬਸੋਹਲੀ ਸੀਟ ਤੋਂ ਭਾਜਪਾ ਦੇ ਦਰਸ਼ਨ ਕੁਮਾਰ ਨੇ ਸਾਬਕਾ ਸੰਸਦ ਮੈਂਬਰ ਤੇ ਕਾਂਗਰਸ ਉਮੀਦਵਾਰ ਚੌਧਰੀ ਲਾਲ ਸਿੰਘ ਨੂੰ ਹਰਾ ਕੇ ਵੱਡਾ ਉਲਟ-ਫੇਰ ਕੀਤਾ ਹੈ। ਗੁਰੇਜ਼ (ਰਿਜ਼ਰਵ) ਤੋਂ ਨੈਸ਼ਨਲ ਕਾਨਫਰੰਸ ਦੇ ਨਜ਼ੀਰ ਅਹਿਮਦ ਨੇ ਭਾਜਪਾ ਦੇ ਫ਼ਕੀਰ ਮੁਹੰਮਦ ਖ਼ਾਨ ਨੂੰ 1132 ਵੋਟਾਂ ਨਾਲ ਹਰਾਇਆ।





