27.5 C
Jalandhar
Friday, October 18, 2024
spot_img

ਭਾਗਵਤ ਦੀ ਕਹਿਣੀ ਤੇ ਸਰਕਾਰ ਦੀ ਕਰਨੀ ਮੇਲ ਨਹੀਂ ਖਾਂਦੀ : ਕਪਿਲ ਸਿੱਬਲ

ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਤੇ ਉੱਘੇ ਵਕੀਲ ਕਪਿਲ ਸਿੱਬਲ ਨੇ ਕਿਹਾ ਹੈ ਕਿ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਦੀ ਕਹਿਣੀ ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੀ ਕਰਨੀ ਮੇਲ ਨਹੀਂ ਖਾਂਦੀ।
ਮੋਹਨ ਭਾਗਵਤ ਨੇ ਸ਼ਨੀਵਾਰ ਨਾਗਪੁਰ ’ਚ ਆਰ ਐੱਸ ਐੱਸ ਦੇ ਵਿਜੇਦਸ਼ਮੀ ਪ੍ਰੋਗਰਾਮ ਵਿਚ ਕਿਹਾ ਕਿ ਭਾਰਤ ਪਿਛਲੇ ਕੁਝ ਸਾਲਾਂ ’ਚ ਤਕੜਾ ਹੋ ਗਿਆ ਹੈ ਤੇ ਦੁਨੀਆ ਇਸ ਦਾ ਵਧੇਰੇ ਸਤਿਕਾਰ ਕਰਨ ਲੱਗੀ ਹੈ ਪਰ ਕੁਝ ਨਾਪਾਕ ਸਾਜ਼ਿਸ਼ਾਂ ਦੇਸ਼ ਦੇ ਸੰਕਲਪ ਨੂੰ ਪਰਖ ਰਹੀਆਂ ਹਨ। ਭਾਗਵਤ ਦੀ ਤਕਰੀਰ ਦਾ ਜ਼ਿਕਰ ਕਰਦਿਆਂ ਸਿੱਬਲ ਨੇ ਕਿਹਾ ਹੈ ਕਿ ਮੋਹਨ ਭਾਗਵਤ ਨੇ ਵਿਜੇਦਸ਼ਮੀ ’ਤੇ ਵਧੀਆ ਬਿਆਨ ਦਿੱਤਾ। ਉਨ੍ਹਾ ਕਿਹਾ ਕਿ ਦੇਸ਼ ਵਿਚ ਭਗਵਾਨ ਵੰਡੇ ਗਏ ਹਨ, ਇਹ ਨਹੀਂ ਹੋਣਾ ਚਾਹੀਦਾ, ਸੰਤ ਵੰਡੇ ਗਏ ਹਨ, ਇਹ ਨਹੀਂ ਹੋਣਾ ਚਾਹੀਦਾ। ਇਹ ਵੱਖ-ਵੱਖ ਧਰਮਾਂ ਤੇ ਬੋਲੀਆਂ ਦਾ ਦੇਸ਼ ਹੈ। ਸੰਤ ਵਾਲਮੀਕ ਨੇ ਰਾਮਾਇਣ ਲਿਖੀ ਅਤੇ ਹਿੰਦੂਆਂ ਨੂੰ ਵਾਲਮੀਕ ਦਿਵਸ ਮਨਾਉਣਾ ਚਾਹੀਦਾ ਹੈ। ਅਜਿਹਾ ਕਿਉ ਨਹੀਂ ਹੋ ਰਿਹਾ? ਮੈਂ ਉਨ੍ਹਾ ਦੇ ਬਿਆਨ ਦਾ ਸਵਾਗਤ ਕਰਦਾ ਹਾਂ ਪਰ ਕੁਝ ਸਵਾਲ ਪੁੱਛਣਾ ਚਾਹੁੰਦਾ ਹਾਂ। ਆਰ ਐੱਸ ਐੱਸ ਸਰਕਾਰ ਦੀ ਹਮਾਇਤ ਕਰਦੀ ਹੈ ਪਰ ਸਰਕਾਰ ਤੁਹਾਡੇ ਬਿਆਨ ਦੇ ਵਿਰੁੱਧ ਕੰਮ ਕਰਦੀ ਹੈ।
ਸਿੱਬਲ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ 2014 ’ਚ ਮੋਦੀ ਸਰਕਾਰ ਬਣਨ ਤੋਂ ਬਾਅਦ ਸਮਾਜ ਵਿਚ ਕਈ ਵੰਡੀਆਂ ਪੈ ਗਈਆਂ ਹਨ। ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ। ਲਵ ਜਿਹਾਦ ਤੇ ਫਲੱਡ ਜਿਹਾਦ ਦੀਆਂ ਗੱਲਾਂ ਹੋ ਰਹੀਆਂ ਹਨ। ਉਨ੍ਹਾ ਕਿਹਾਮੈਂ ਆਰ ਐੱਸ ਐੱਸ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਅਜਿਹੀਆਂ ਘਟਨਾਵਾਂ ਵਾਪਰੀਆਂ ਤਾਂ ਉਸ ਨੇ ਆਵਾਜ਼ ਕਿਉ ਨਹੀਂ ਉਠਾਈ? ਲੋਕ ਲੋਕਾਂ ਦੀ ਨਾਗਰਿਕਤਾ ’ਤੇ ਸ਼ੱਕ ਕਰ ਰਹੇ ਹਨ। ਕਈ ਵਿਵਾਦਗ੍ਰਸਤ ਬਿਆਨ ਦਿੱਤੇ ਗਏ, ਆਰ ਐੱਸ ਐੱਸ ਨੇ ਕਿੰਤੂ ਕਿਉ ਨਹੀਂ ਕੀਤਾ।
ਸਿੱਬਲ ਨੇ ਕਿਹਾ ਕਿ ਦੇਸ਼ ਤੇ ਇਸ ਦੇ ਨਾਗਰਿਕਾਂ, ਖਾਸਕਰ ਘੱਟਗਿਣਤੀਆਂ ਤੇ ਵਾਲਮੀਕ ਭਾਈਚਾਰੇ ਦੇ ਲੋਕਾਂ, ਜਿਹੜੇ ਡਰ ਹੇਠ ਰਹਿ ਰਹੇ ਹਨ, ਦੀ ਸੁਰੱਖਿਆ ਯਕੀਨੀ ਬਣਾਉਣੀ ਸਰਕਾਰ ਦੀ ਜ਼ਿੰਮੇਵਾਰੀ ਹੈ।
ਉਨ੍ਹਾ ਕਿਹਾਦੇਖੋ, ਮਹਾਰਾਸ਼ਟਰ ਵਿਚ ਕੀ ਹੋਇਆ, ਐੱਨ ਸੀ ਪੀ ਦੇ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ। ਹੱਤਿਆਵਾਂ ਖੁੱਲ੍ਹੇਆਮ ਹੋ ਰਹੀਆਂ ਹਨ। ਤੁਹਾਡਾ ਆਸਾਮ ਦਾ ਮੁੱਖ ਮੰਤਰੀ ਅਜਿਹੇ ਵਿਵਾਦਗ੍ਰਸਤ ਬਿਆਨ ਦਿੰਦਾ ਹੈ, ਮੈਂ ਹੈਰਾਨ ਹਾਂ ਕਿ ਤੁਸੀਂ (ਆਰ ਐੱਸ ਐੱਸ) ਉਸ ਬਾਰੇ ਕੁਝ ਨਹੀਂ ਕਹਿੰਦੇ।
ਸਿੱਬਲ ਨੇ ਕਿਹਾ ਕਿ ਭਾਗਵਤ ਦੀ ਕਹਿਣੀ ਤੇ ਸਰਕਾਰ ਦੀ ਕਰਨੀ ਇਕਦਮ ਮੇਲ ਨਹੀਂ ਖਾਂਦੀਆਂ।

Related Articles

Latest Articles