23.9 C
Jalandhar
Thursday, October 17, 2024
spot_img

ਕਿਸਾਨਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਝੰਜੋੜਿਆ

ਚੰਡੀਗੜ੍ਹ : ਝੋਨੇ ਦੀ ਸੁਸਤ ਖਰੀਦ ਖਿਲਾਫ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਝੰਜੋੜਣ ਲਈ ਐਤਵਾਰ ਕਈ ਥਾਂਵਾਂ ’ਤੇ ਧਰਨੇ ਦੇ ਕੇ ਸੜਕੀ ਤੇ ਰੇਲ ਆਵਾਜਾਈ ਰੋਕੀ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਖਰੀਦ ਤੇ ਲਿਫਟਿੰਗ ਸਹੀ ਨਾ ਹੋਈ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਨੇ 12 ਤੋਂ 3 ਵਜੇ ਤਕ ਲਈ ਸੜਕਾਂ ਰੋਕਣ ਦਾ ਸੱਦਾ ਦਿੱਤਾ ਸੀ ਜਦਕਿ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਨਾਲ ਹੀ ਤਿੰਨ ਘੰਟੇ ਰੇਲਾਂ ਰੋਕਣ ਦਾ ਵੀ ਸੱਦਾ ਦਿੱਤਾ ਸੀ।
ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਭਰੋਸੇ ਦੇਣ ਦੇ ਬਾਵਜੂਦ ਝੋਨੇ ਦੀ ਨਿਰਵਿਘਨ ਖਰੀਦ ਨਹੀਂ ਹੋ ਰਹੀ ਤੇ ਕਿਸਾਨਾਂ ਨੂੰ ਅਨਾਜ ਮੰਡੀਆਂ ਵਿਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੂਬੇ ਦੇ ਰਾਈਸ ਮਿਲਰਾਂ ਤੇ ਆੜ੍ਹਤੀਆਂ ਨੇ ਵੀ ਕਿਸਾਨਾਂ ਦੀ ਹਮਾਇਤ ਕੀਤੀ ਹੈ। ਆੜ੍ਹਤੀਏ ਕਮਿਸ਼ਨ ਵਧਾਉਣ ਦੀ ਮੰਗ ਕਰ ਰਹੇ ਹਨ ਅਤੇ ਮਿਲਰਾਂ ਦੀ ਮੰਗ ਹੈ ਕਿ ਕੇਂਦਰ ਪਹਿਲਾਂ ਪਿਆ ਸਟਾਕ ਫੌਰੀ ਚੁੱਕੇ ਤਾਂ ਕਿ ਨਵਾਂ ਝੋਨਾ ਰੱਖਣ ਲਈ ਥਾਂ ਬਣੇ।
ਬਠਿੰਡਾ ਦੇ ਭਾਈ ਘਨੱਈਆ ਚੌਕ ’ਚ ਧਰਨੇ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਦੋਸ਼ ਲਾਇਆ ਕਿ ਪਿਛਲੇ ਸਾਲ ਵਾਲੇ ਚੌਲ ਵੀ ਹਾਲੇ ਸ਼ੈਲਰਾਂ ’ਚ ਪਏ ਹਨ, ਇਸ ਕਰਕੇ ਝੋਨੇ ਦੀ ਨਵੀਂ ਫਸਲ ਰੱਖਣ ਲਈ ਥਾਂ ਨਹੀਂ ਹੈ। ਇਸ ਤੋਂ ਇਲਾਵਾ ਜੇ ਨਵਾਂ ਝੋਨਾ ਸਰਕਾਰ ਮੰਡੀਆਂ ਵਿੱਚੋਂ ਨਹੀਂ ਚੁੱਕਦੀ, ਤਾਂ ਝੋਨਾ ਸੁੱਕਣ ਕਾਰਨ ਸ਼ੈਲਰਾਂ ਵਾਲਿਆਂ ਦਾ ਅਤੇ ਆੜ੍ਹਤੀਆਂ ਦਾ ਨੁਕਸਾਨ ਹੁੰਦਾ ਹੈ।
ਬੀ ਕੇ ਯੂ (ਮਾਨਸਾ) ਦੇ ਸੂਬਾ ਸਕੱਤਰ ਬੇਅੰਤ ਸਿੰਘ ਅਤੇ ਬੀ ਕੇ ਯੂ (ਮਾਲਵਾ) ਦੇ ਸੂਬਾਈ ਆਗੂ ਜਗਜੀਤ ਸਿੰਘ ਕੋਟਸ਼ਮੀਰ ਨੇ ਦੋਸ਼ ਲਾਇਆ ਕਿ ਜਿੱਥੇ ਕੇਂਦਰ ਸਰਕਾਰ ਮੰਡੀਆਂ ’ਚ ਨਹੀਂ ਪਹੁੰਚੀ ਹੈ, ਉੱਥੇ ਪੰਜਾਬ ਦੀਆਂ ਖਰੀਦ ਏਜੰਸੀਆਂ ਵੀ ਅਜੇ ਤੱਕ ਬਾਰਦਾਨਾ ਪਹੁੰਚਾਉਣ ’ਚ ਅਸਫਲ ਰਹੀਆਂ ਹਨ। ਬੁਲਾਰਿਆਂ ਨੇ ਸੜਕ ਬੰਦ ਹੋਣ ਕਾਰਨ ਆਮ ਪਬਲਿਕ ਨੂੰ ਹੋਣ ਵਾਲੀ ਤਕਲੀਫ ਪ੍ਰਤੀ ਅਫਸੋਸ ਦਾ ਇਜ਼ਹਾਰ ਵੀ ਕੀਤਾ।
ਚੰਡੀਗੜ੍ਹ ਰੇਲਵੇ ਸਟੇਸਨ ਤੋਂ ਸ਼ਤਾਬਦੀ ਰੇਲ ਗੱਡੀ (12046) ਦੋ ਘੰਟੇ ਦੇਰੀ ਨਾਲ ਰਵਾਨਾ ਹੋਈ। ਸ਼ਤਾਬਦੀ ਦੁਪਹਿਰ 12.05 ਵਜੇ ਚਲਣੀ ਸੀ ਪਰ ਲਾਲੜੂ ਨੇੜੇ ਕਿਸਾਨਾਂ ਦੀ ਨਾਕਾਬੰਦੀ ਕਾਰਨ ਦੁਪਹਿਰ 2.05 ਵਜੇ ਰਵਾਨਾ ਹੋਈ।

Related Articles

Latest Articles