23.9 C
Jalandhar
Thursday, October 17, 2024
spot_img

ਧਮਕੀਆਂ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ

ਅੰਮਿ੍ਰਤਸਰ : ਪੰਥਕ ਸਿਆਸਤ ’ਚ ਸੰਕਟ ਦਰਮਿਆਨ ਬੁੱਧਵਾਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਦੋਸ਼ ਲਾ ਕੇ ਅਸਤੀਫਾ ਦੇ ਦਿੱਤਾ ਕਿ ਉਨ੍ਹਾ ਨੂੰ ਧਮਕੀਆਂ ਮਿਲ ਰਹੀਆਂ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਕਾਰਵਾਈ ਨਹੀਂ ਕਰ ਰਹੀ। ਮੰਗਲਵਾਰ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਦਲ ’ਚੋਂ 10 ਸਾਲ ਲਈ ਕੱਢਣ ਦੇ ਦਿੱਤੇ ਆਦੇਸ਼ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਵਲਟੋਹਾ ਨੇ ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਨੂੰ ਸਖਤ ਸਜ਼ਾ ਦੇਣ ਖਿਲਾਫ ਉਨ੍ਹਾ ਨੂੰ ਧਮਕਾਇਆ ਸੀ। ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਰੋਲ ’ਤੇ ਸਵਾਲ ਚੁੱਕੇ ਸਨ। ਵਲਟੋਹਾ ਨੇ ਦੋਸ਼ ਲਾਇਆ ਸੀ ਕਿ ਉਹ ਭਾਜਪਾ ਤੇ ਆਰ ਐੱਸ ਐੱਸ ਦੇ ਪਿੱਠੂ ਹਨ।ਅਮਿਤ ਸ਼ਾਹ ਨਾਲ ਨੇੜਤਾ ਰੱਖਦੇ ਹਨ। ਪਤਿਤ ਸਿੱਖ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਵਿਆਹ ਵਿਚ ਸ਼ਾਮਲ ਹੋਏ। ਰਾਘਵ ਚੱਢਾ ਦੇ ਵਿਆਹ ਵਿਚ ਸ਼ਮੂਲੀਅਤ ਕੀਤੀ। ਇਹ ਸਾਰੇ ਦੋਸ਼ ਵਲਟੋਹਾ ਨੇ ਮੰਗਲਵਾਰ ਸ੍ਰੀ ਅਕਾਲ ਤਖਤ ਸਾਹਿਬ ਉਤੇ ਪੇਸ਼ ਹੋ ਕੇ ਦਿੱਤੇ ਸਪੱਸ਼ਟੀਕਰਨ ’ਚ ਵੀ ਲਾਏ ਸਨ। ਗਿਆਨੀ ਹਰਪ੍ਰੀਤ ਸਿੰਘ, ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੀ ਰਹਿ ਚੁੱਕੇ ਹਨ, ਨੇ ਵੀਡੀਓ ਸੰਦੇਸ਼ ਵਿਚ ਭਾਵੁਕ ਹੁੰਦਿਆਂ ਕਿਹਾਮੈਂ ਬੇਦਾਗ ਜਾ ਰਿਹਾ ਹਾਂ। ਸੇਵਾ ਦੌਰਾਨ ਜੇਕਰ ਮੇਰੇ ਕੋਲੋਂ ਕੋਈ ਗਲਤੀ ਹੋਈ ਹੋਵੇ ਤਾਂ ਮੈਂ ਖਿਮਾ ਦਾ ਯਾਚਕ ਹਾਂ। ਵਿਰਸਾ ਸਿੰਘ ਵਲਟੋਹਾ ਮੇਰੇ ਅਤੇ ਮੇਰੇ ਪਰਵਾਰ ਖਿਲਾਫ ਨਿੱਜੀ ਹਮਲੇ ਕਰ ਰਿਹਾ ਹੈ। ਮੈਨੂੰ ਵਲਟੋਹਾ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵਲਟੋਹਾ ਦੀ ਪੁਸ਼ਤ-ਪਨਾਹੀ ਅਕਾਲੀ ਦਲ ਦਾ ਸੋਸ਼ਲ ਮੀਡੀਆ ਕਰ ਰਿਹਾ ਹੈ। ਵਲਟੋਹਾ ਨੇ ਹੁਣ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੇਰੇ ਪਰਵਾਰ ਨੂੰ ਨੰਗਿਆਂ ਕਰਨ ਦੇ ਸੁਨੇਹੇ ਭਿਜਵਾਏ ਜਾ ਰਹੇ ਹਨ। ਮੇਰੀ ਜਾਤ ਤੱਕ ਪਰਖੀ ਗਈ। ਮੈਂ ਕਦੇ ਸੋਚਿਆ ਨਹੀਂ ਸੀ ਕਿ ਵਿਰਸਾ ਸਿੰਘ ਵਲਟੋਹਾ ਏਨਾ ਘਟੀਆ ਅਤੇ ਏਨਾ ਹੇਠਾਂ ਡਿੱਗੇਗਾ। ਇਹੋ ਜਿਹੇ ਹਾਲਾਤ ਵਿਚ ਅਸੀਂ ਤਖਤ ਦੀ ਸੇਵਾ ਨਹੀਂ ਕਰ ਸਕਦੇ। ਇਹ ਸਾਰੀਆਂ ਗੱਲਾਂ ਮੇਰੇ ਬਰਦਾਸ਼ਤ ਤੋਂ ਬਾਹਰ ਹਨ। ਇਸ ਸਭ ਦੇ ਬਾਵਜੂਦ ਮੇਰੀ ਸੰਸਥਾ ਸ਼੍ਰੋਮਣੀ ਕਮੇਟੀ ਇਸ ਸਾਰੇ ਮਾਮਲੇ ਵਿਚ ਚੁੱਪ ਹੈ। ਜਿੱਥੇ ਮੈਂ ਇਕ ਜਥੇਦਾਰ ਹਾਂ, ਉਥੇ ਮੈਂ ਧੀਆਂ ਦਾ ਪਿਓ ਵੀ ਹਾਂ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ ਅਤੇ ਪ੍ਰਵਾਨ ਕਰਨ ਦੀ ਬੇਨਤੀ ਕੀਤੀ ਹੈ। ਉਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਨ੍ਹਾ ਨੂੰ ਜਿਹੜੀ ਵੀ ਸਹੂਲਤ ਅਤੇ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ, ਉਹ ਵਾਪਸ ਕਰਦੇ ਹਨ, ਉਹ ਇਸ ਨੂੰ ਅਫੋਰਡ ਨਹੀਂ ਕਰ ਸਕਦੇ। ਉਹ ਇਕ ਨਿਮਾਣੇ ਸਿੱਖ ਵਾਂਗ ਛੋਟੇ ਜਿਹੇ ਘਰ ਵਿਚ ਰਹਿੰਦੇ ਹਨ। ਉਨ੍ਹਾ ਅੱਗੇ ਕਿਹਾਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਮੈਨੂੰ ਪੜ੍ਹਾਇਆ ਅਤੇ ਮੁਕਤਸਰ ਸਾਹਿਬ ਦਾ ਹੈੱਡ ਗ੍ਰੰਥੀ ਬਣਾਇਆ। ਮੈਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਦਿੱਤੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਵੀ ਸੇਵਾ ਦਿੱਤੀ। ਮੈਂ ਮਾਣ ਨਾਲ ਕਹਿੰਦਾ ਹਾਂ ਕਿ ਸਿੱਖ ਸੰਸਥਾਵਾਂ ਵੱਲੋਂ ਮੇਰੇ ਸਿਰ ’ਤੇ ਰੱਖੀ ਗਈ ਪੱਗ ਨੂੰ ਮੈਂ ਮਾਣ ਨਾਲ ਘਰ ਲੈ ਕੇ ਜਾ ਰਿਹਾ ਹਾਂ, ਇਸ ਨੂੰ ਕੋਈ ਦਾਗ ਤੱਕ ਨਹੀਂ ਲੱਗਣ ਦਿੱਤਾ, ਮੈਂ ਬੇਦਾਗ ਹੋ ਕੇ ਘਰ ਜਾ ਰਿਹਾ ਹਾਂ।ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਭੂੰਦੜ ਨੂੰ ਵਲਟੋਹਾ ਨੂੰ ਦਸ ਸਾਲਾਂ ਲਈ ਪਾਰਟੀ ਵਿੱਚੋਂ ਕੱਢਣ ਦਾ ਹੁਕਮ ਦਿੱਤਾ ਸੀ। ਇਸ ਤੋਂ ਪਹਿਲਾਂ ਕਿ ਪਾਰਟੀ ਕੋਈ ਫੈਸਲਾ ਲੈਂਦੀ, ਵਲਟੋਹਾ ਨੇ ਖੁਦ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ, ਜਿਸ ਨੂੰ ਭੂੰਦੜ ਨੇ ਬੁੱਧਵਾਰ ਸਵੀਕਾਰ ਕਰ ਲਿਆ। ਪਿਛਲੇ ਦਿਨੀਂ ਵਲਟੋਹਾ ਨੇ ਜਥੇਦਾਰਾਂ ’ਤੇ ਭਾਜਪਾ ਤੇ ਆਰ ਐੱਸ ਅੱੈਸ ਦਾ ਦਬਾਅ ਹੋਣ ਸੰਬੰਧੀ ਬਿਆਨ ਦਿੱਤਾ ਸੀ, ਜਿਸ ’ਤੇ ਜਥੇਦਾਰਾਂ ਨੇ ਵਲਟੋਹਾ ਤੋਂ ਸਪੱਸ਼ਟੀਕਰਨ ਮੰਗਿਆ ਸੀ। ਸਪੱਸ਼ਟੀਕਰਨ ਤੋਂ ਸੰਤੁਸ਼ਟ ਨਾ ਹੋ ਕੇ ਸਿੰਘ ਸਾਹਿਬਾਨ ਨੇ ਵਲਟੋਹਾ ਖਿਲਾਫ ਸਖਤ ਐਕਸ਼ਨ ਲਿਆ।

Related Articles

Latest Articles