25.3 C
Jalandhar
Thursday, October 17, 2024
spot_img

ਉਮਰ ਅਬਦੁੱਲਾ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਸੁਰਿੰਦਰ ਚੌਧਰੀ ਉਪ ਮੁੱਖ ਮੰਤਰੀ

ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਬੁੱਧਵਾਰ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਪ ਰਾਜਪਾਲ ਮਨੋਜ ਸਿਨਹਾ ਨੇ ਉਨ੍ਹਾ ਨੂੰ ਅਹੁਦੇ ਅਤੇ ਰਾਜ਼ਦਾਰੀ ਦੀ ਸਹੁੰ ਚੁਕਾਈ। ਉਮਰ ਅਬਦੁੱਲਾ ਨੇ ਦੂਜੀ ਵਾਰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਉਹ 2009 ਤੋਂ 2014 ਤੱਕ ਮੁੱਖ ਮੰਤਰੀ ਰਹੇ ਸਨ, ਜਦੋਂ ਜੰਮੂ-ਕਸ਼ਮੀਰ ਨੂੰ ਪੂਰੇ ਰਾਜ ਦਾ ਦਰਜਾ ਹਾਸਲ ਸੀ। ਪਹਿਲਾਂ ਉਨ੍ਹਾ ਦੇ ਦਾਦਾ ਸ਼ੇਖ ਅਬਦੁੱਲਾ ਤੇ ਪਿਤਾ ਫਾਰੂਕ ਅਬਦੁੱਲਾ ਵੀ ਮੁੱਖ ਮੰਤਰੀ ਰਹਿ ਚੁੱਕੇ ਹਨ।
ਉਮਰ ਅਬਦੁੱਲਾ ਤੋਂ ਬਾਅਦ ਪੰਜ ਮੰਤਰੀਆਂ ਨੇ ਵੀ ਸਹੁੰ ਚੁੱਕੀ, ਜਿਨ੍ਹਾਂ ਵਿਚ ਸਕੀਨਾ ਮਸੂਦ (ਈਟੂ), ਜਾਵੇਦ ਡਾਰ, ਜਾਵੇਦ ਰਾਣਾ, ਸੁਰਿੰਦਰ ਕੁਮਾਰ ਚੌਧਰੀ ਅਤੇ ਸਤੀਸ਼ ਸ਼ਰਮਾ ਸ਼ਾਮਲ ਹਨ। ਈਟੂ ਤੇ ਡਾਰ ਕਸ਼ਮੀਰ ਵਾਦੀ ਅਤੇ ਰਾਣਾ, ਚੌਧਰੀ ਤੇ ਸ਼ਰਮਾ ਜੰਮੂ ਖਿੱਤੇ ਨਾਲ ਸੰਬੰਧਤ ਹਨ। ਨੌਸ਼ਹਿਰਾ ਹਲਕੇ ਵਿਚ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਣਾ ਨੂੰ ਹਰਾਉਣ ਵਾਲੇ ਸੁਰਿੰਦਰ ਕੁਮਾਰ ਚੌਧਰੀ ਉਪ ਮੁੱਖ ਮੰਤਰੀ ਹੋਣਗੇ। ਪਾਰਟੀਆਂ ਬਦਲਦੇ ਰਹਿਣ ਵਾਲੇ ਚੌਧਰੀ ਪਿਛਲੇ ਸਾਲ ਹੀ ਭਾਜਪਾ ਤੋਂ ਨੈਸ਼ਨਲ ਕਾਨਫਰੰਸ ’ਚ ਆਏ ਸਨ। ਜੰਮੂ ਖੇਤਰ ਤੋਂ ਨੈਸ਼ਨਲ ਕਾਨਫਰੰਸ ਦੇ ਇੱਕੋ-ਇੱਕ ਹਿੰਦੂ ਚਿਹਰੇ ਨੂੰ ਉਪ ਮੁੱਖ ਮੰਤਰੀ ਇਸ ਕਰਕੇ ਬਣਾਇਆ ਗਿਆ ਹੈ, ਕਿਉਕਿ ਪਾਰਟੀ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਉਹ ਜੰਮੂ ਵਾਲਿਆਂ ਦਾ ਵੀ ਬਰਾਬਰ ਖਿਆਲ ਰੱਖੇਗੀ। ਸਕੀਨਾ ਈਟੂ ਵਾਹਦ ਮਹਿਲਾ ਮੰਤਰੀ ਹੈ। ਉਹ 2008 ਵਿਚ ਵੀ ਮੰਤਰੀ ਬਣੀ ਸੀ। ਸਤੀਸ਼ ਸ਼ਰਮਾ ਛੰਬ ਤੋਂ ਆਜ਼ਾਦ ਜਿੱਤੇ ਹਨ। ਤਿੰਨ ਹੋਰ ਮੰਤਰੀਆਂ ਦੇ ਅਹੁਦੇ ਖਾਲੀ ਹਨ, ਜਿਹੜੇ ਬਾਅਦ ’ਚ ਭਰੇ ਜਾਣਗੇ।
ਨੈਸ਼ਨਲ ਕਾਨਫਰੰਸ ਦੀ ਚੋਣ ਭਾਈਵਾਲ ਕਾਂਗਰਸ ਨੇ ਹਾਲ ਦੀ ਘੜੀ ਸਰਕਾਰ ਵਿਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਹੈ। ਜੰਮੂ-ਕਸ਼ਮੀਰ ਕਾਂਗਰਸ ਦੇ ਪ੍ਰਧਾਨ ਤਾਰਿਕ ਹਮੀਦ ਕਰਾ ਨੇ ਕਿਹਾ ਕਿ ਕਾਂਗਰਸ ਫਿਲਹਾਲ ਵਜ਼ਾਰਤ ਵਿਚ ਸ਼ਾਮਲ ਨਹੀਂ ਹੋਵੇਗੀ, ਕਿਉਂਕਿ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਨਾ ਦਿੱਤੇ ਜਾਣ ਕਾਰਨ ਉਹ ਨਾਖੁਸ਼ ਹੈ।
ਸਹੁੰ-ਚੁੱਕ ਸਮਾਗਮ ਵਿਚ ਇੰਡੀਆ ਗੱਠਜੋੜ ਦੇ ਆਗੂਆਂ ਨੇ ਹੁੰਮ-ਹੁਮਾ ਕੇ ਸ਼ਿਰਕਤ ਕੀਤੀ। ਸ਼ੇਰ-ਏ-ਕਸ਼ਮੀਰ ਕੌਮਾਂਤਰੀ ਕਨਵੈਨਸ਼ਨ ਸੈਂਟਰ ਵਿਚ ਹੋਏ ਸਮਾਗਮ ਵਿਚ ਰਾਹੁਲ ਗਾਂਧੀ, ਪਿ੍ਰਅੰਕਾ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ, ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ, ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਪ੍ਰਕਾਸ਼ ਕਰਤ, ਡੀ ਐੱਮ ਕੇ ਦੀ ਕਨੀਮੋਝੀ ਅਤੇ ਐੱਨ ਸੀ ਪੀ ਦੀ ਸੁਪ੍ਰੀਆ ਸੂਲੇ ਹਾਜ਼ਰ ਸਨ। ਪੀ ਡੀ ਪੀ ਮੁਖੀ ਮਹਿਬੂਬਾ ਮੁਫਤੀ ਨੇ ਵੀ ਹਾਜ਼ਰੀ ਭਰੀ। ਅਬਦੁੱਲਾ ਪਰਵਾਰ ਵੱਲੋਂ ਉਮਰ ਦੇ ਪਿਤਾ ਫਾਰੂਕ ਅਬਦੁੱਲਾ, ਮਾਤਾ ਮੋਲੀ ਅਬਦੁੱਲਾ, ਉਨ੍ਹਾਂ ਦੀਆਂ ਦੋ ਭੈਣਾਂ ਤੇ ਦੋ ਪੁੱਤਰ ਪੁੱਜੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਮਰ ਅਬਦੁੱਲਾ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਕੇਂਦਰ ਜੰਮੂ-ਕਸ਼ਮੀਰ ਦੀ ਤਰੱਕੀ ਲਈ ਉਨ੍ਹਾ ਅਤੇ ਉਨ੍ਹਾ ਦੀ ਟੀਮ ਨਾਲ ਮਿਲ ਕੇ ਕੰਮ ਕਰੇਗਾ।

Related Articles

Latest Articles